ਯੂਕੇ: ਯੂਨੈਸਕੋ ਨੇ ''ਲਿਵਰਪੂਲ'' ਦਾ ਨਾਮ ਵਿਸ਼ਵ ਵਿਰਾਸਤ ਦੀ ਸੂਚੀ ''ਚੋਂ ਹਟਾਇਆ

07/22/2021 5:19:22 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਸੰਯੁਕਤ ਰਾਸ਼ਟਰ ਦੀ ਸਭਿਆਚਾਰਕ ਏਜੰਸੀ ਯੂਨੈਸਕੋ ਨੇ ਬੁੱਧਵਾਰ ਨੂੰ ਲਿਵਰਪੂਲ ਨੂੰ ਵਿਸ਼ਵ ਵਿਰਾਸਤ ਦੀ ਸੂਚੀ ਵਿੱਚੋਂ ਹਟਾ ਦਿੱਤਾ ਹੈ। ਲਿਵਰਪੂਲ ਦੇ ਵਾਟਰਫ੍ਰੰਟ ਨੂੰ ਵਿਸ਼ਵ ਵਿਰਾਸਤੀ ਥਾਵਾਂ ਦੀ ਸੂਚੀ ਵਿਚੋਂ ਹਟਾਉਣ ਲਈ ਵੋਟਿੰਗ ਕੀਤੀ ਗਈ। ਇਸ ਸਥਾਨ ਨੂੰ ਹਟਾਉਣ ਲਈ ਨਵੇਂ ਫੁੱਟਬਾਲ ਸਟੇਡੀਅਮ ਦੀਆਂ ਯੋਜਨਾਵਾਂ ਸਮੇਤ ਨਵੀਆਂ ਉਸਾਰੀਆਂ ਦਾ ਹਵਾਲਾ ਦਿੱਤਾ ਗਿਆ। ਚੀਨ ਦੀ ਪ੍ਰਧਾਨਗੀ ਵਾਲੀ ਕਮੇਟੀ ਦੀ ਗੱਲਬਾਤ ਵਿੱਚ 13 ਡੈਲੀਗੇਟਾਂ ਨੇ ਸੂਚੀ ਵਿੱਚੋਂ ਹਟਾਉਣ ਲਈ ਪ੍ਰਸਤਾਵ ਦੇ ਹੱਕ ਵਿੱਚ ਵੋਟ ਦਿੱਤੀ ਜਦਕਿ ਪੰਜਾਂ ਨੇ ਇਸ ਦਾ ਵਿਰੋਧ ਕੀਤਾ।

ਪੜ੍ਹੋ ਇਹ ਅਹਿਮ ਖਬਰ - ਸਿੰਗਾਪੁਰ 'ਚੋਂ 1 ਲੱਖ ਤੋਂ ਵੱਧ ਵਿਦੇਸ਼ੀ ਪੇਸ਼ੇਵਰਾਂ ਦਾ ਪਲਾਇਨ, ਜਾਣੋ ਵਜ੍ਹਾ

ਜਿਸ ਉਪਰੰਤ ਯੂਨੇਸਕੋ ਦੀ ਵਿਸ਼ਵ ਵਿਰਾਸਤ ਕਮੇਟੀ ਦੇ ਚੇਅਰਮੈਨ, ਤਿਆਨ ਜੂਜੁਨ ਨੇ ਐਲਾਨ ਕੀਤਾ ਕਿ ਲਿਵਰਪੂਲ ਮੈਰੀਟਾਈਮ ਮਰਕੈਂਟਾਈਲ ਸਿਟੀ ਦੀ ਸਾਈਟ ਨੂੰ ਵਿਸ਼ਵ ਵਿਰਾਸਤ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ। ਲਿਵਰਪੂਲ ਸਿਟੀ ਪ੍ਰਸ਼ਾਸਨ, ਕੌਂਸਲ ਦੇ ਨਾਲ ਬ੍ਰਿਟੇਨ ਦੀ ਸਰਕਾਰ ਨੇ ਵੀ ਇਸ ਫ਼ੈਸਲੇ 'ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਲਿਵਰਪੂਲ ਹਾਲੇ ਵੀ ਆਪਣੇ ਵਿਸ਼ਵ ਵਿਰਾਸਤ ਦਾ ਹੱਕਦਾਰ ਹੈ ਪਰ ਯੂਨੈਸਕੋ ਦੇ ਡੈਲੀਗੇਟਾਂ ਅਨੁਸਾਰ ਉੱਚੀਆਂ ਇਮਾਰਤਾਂ ਅਤੇ ਤਰੱਕੀ ਦੀਆਂ ਯੋਜਨਾਵਾਂ ਵਿਰਾਸਤ ਲਈ ਚਿੰਤਾ ਦਾ ਵਿਸ਼ਾ ਹਨ। ਇਸ ਮਾਮਲੇ ਵਿੱਚ ਕਈ ਦੇਸ਼ਾਂ ਨੇ ਯੂਕੇ ਦੀ ਹਮਾਇਤ ਕੀਤੀ। ਲਿਵਰਪੂਲ ਨੂੰ ਸੂਚੀ 'ਚੋਂ ਕੱਢਣ ਦੇ ਵਿਰੁੱਧ ਬਹਿਸ ਕਰਨ ਵਾਲਿਆਂ ਵਿੱਚ ਆਸਟ੍ਰੇਲੀਆ ਵੀ ਸ਼ਾਮਲ ਹੈ।

Vandana

This news is Content Editor Vandana