ਥੈਰੇਸਾ ਮੇਅ ਨੇ ਬ੍ਰੈਗਜ਼ਿਟ ''ਤੇ ਆਪਣੀ ਦੂਜੀ ਯੋਜਨਾ ਕੀਤੀ ਪੇਸ਼

01/21/2019 10:14:18 AM

ਲੰਡਨ (ਭਾਸ਼ਾ)— ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਸੋਮਵਾਰ ਨੂੰ ਸੰਸਦ ਵਿਚ ਬ੍ਰੈਗਜ਼ਿਟ 'ਤੇ ਆਪਣੀ ਦੂਜੀ ਯੋਜਨਾ (ਪਲਾਨ ਬੀ) ਪੇਸ਼ ਕੀਤੀ। ਈ.ਯੂ. ਤੋਂ ਬ੍ਰਿਟੇਨ ਦੇ ਵੱਖ ਹੋਣ ਸਬੰਧੀ ਸਮਝੌਤੇ ਨੂੰ ਸੰਸਦ ਮੈਂਬਰਾਂ ਵੱਲੋਂ ਖਾਰਿਜ ਕੀਤੇ ਜਾਣ ਦੇ ਬਾਅਦ ਉਨ੍ਹਾਂ ਨੇ ਇਹ ਕਦਮ ਚੁੱਕਿਆ। ਇਸ ਤੋਂ ਪਹਿਲਾਂ ਸਮਝੌਤਾ ਸੰਸਦ ਵਿਚ ਪਾਸ ਨਾ ਹੋ ਸਕਣ ਕਾਰਨ ਬ੍ਰੈਗਜ਼ਿਟ ਤੋਂ ਪਹਿਲਾਂ ਬ੍ਰਿਟੇਨ ਵਿਚ ਰਾਜਨੀਤੀ ਗਰਮਾ ਗਈ ਹੈ। ਜੇਕਰ ਸੰਸਦ ਮੈਂਬਰ  ਸਮਾਂ ਰਹਿੰਦੇ ਅਜਿਹੀ ਵਿਕਲਪਿਕ ਯੋਜਨਾ ਤਿਆਰ ਨਹੀਂ ਕਰ ਪਾਉਂਦੇ, ਜਿਸ ਨਾਲ ਬ੍ਰਸੇਲਸ ਖੁਸ਼ ਹੋਣ ਜਾਂ ਬ੍ਰੈਗਜ਼ਿਟ ਦੀ ਤੈਅ ਤਰੀਕ ਨੂੰ ਮੁਲਤਵੀ ਨਹੀਂ ਕੀਤਾ ਗਿਆ ਤਾਂ ਬ੍ਰਿਟੇਨ ਨੂੰ ਬਿਨਾ ਕਿਸੇ ਸਮਝੌਤੇ ਦੇ 29 ਮਾਰਚ ਨੂੰ ਯੂਰਪੀ ਯੂਨੀਅਨ ਛੱਡਣਾ ਪੈ ਸਕਦਾ ਹੈ। 

ਗੌਰਤਲਬ ਹੈ ਕਿ ਮੇਅ ਦੇ ਸਮਝੌਤੇ ਨੂੰ ਹਾਊਸ ਆਫ ਕਾਮਨਜ਼ ਵਿਚ 432 ਦੇ ਮੁਕਾਬਲੇ 202 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਵੇਂਕਿ ਇਸ ਦੇ ਬਾਅਦ ਅਵਿਸ਼ਵਾਸ ਪ੍ਰਸਤਾਵ ਵਿਚ 325 ਸੰਸਦ ਮੈਂਬਰਾਂ ਨੇ ਉਨ੍ਹਾਂ ਦੀ ਸਰਕਾਰ ਦਾ ਸਮਰਥਨ ਕੀਤਾ ਜਦਕਿ 306 ਸੰਸਦ ਮੈਂਬਰਾਂ ਨੇ ਸੰਸਦ ਵਿਚ ਲਿਆਂਦੇ ਗਏ ਅਵਿਸ਼ਵਾਸ ਪ੍ਰਸਤਾਵ ਦੇ ਪੱਖ ਵਿਚ ਵੋਟਿੰਗ ਕੀਤੀ ਅਤੇ ਮੇਅ ਨੇ 19 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। 

ਮੇਅ ਨੇ ਵੀਰਵਾਰ ਨੂੰ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰਟ, ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਨਾਲ ਗੱਲ ਕੀਤੀ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਈ.ਯੂ. ਨੇਤਾ ਜੀਨ-ਕਲਾਊਡ ਜੰਕਰ ਅਤੇ ਡੋਨਾਲਡ ਟਸਕ ਨਾਲ ਫੋਨ 'ਤੇ ਬ੍ਰੈਗਜ਼ਿਟ ਨਾਲ ਸਬੰਧਤ ਚਰਚਾ ਕੀਤੀ। ਈ.ਯੂ. ਪ੍ਰਮੁੱਖ ਬਹੁਤ ਪਹਿਲਾਂ ਹੀ ਸਮਝੌਤੇ 'ਤੇ ਦੁਬਾਰਾ ਗੱਲਬਾਤ ਕਰਨ ਤੋਂ ਇਨਕਾਰ ਕਰ ਚੁੱਕੇ ਹਨ।

Vandana

This news is Content Editor Vandana