ਯੂਕੇ: ਸੁਪਰ ਮਾਰਕੀਟਾਂ ''ਚ ਇਸ ਵਜ੍ਹਾ ਕਾਰਨ ਹੋਈ ਕਾਮਿਆਂ ਦੀ ਘਾਟ

07/22/2021 4:43:11 PM

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵਿਚ ਪਿਛਲੇ ਦਿਨਾਂ ਦੌਰਾਨ ਐੱਨ. ਐੱਚ. ਐੱਸ. ਕੋਵਿਡ ਐਪ ਵੱਲੋਂ ਲੱਖਾਂ ਲੋਕਾਂ ਨੂੰ ਇਕਾਂਤਵਾਸ ਹੋਣ ਲਈ ਸੂਚਨਾ ਦਿੱਤੀ ਗਈ ਹੈ, ਜਿਸ ਦਾ ਪ੍ਰਭਾਵ ਜ਼ਿਆਦਾਤਰ ਸੁਪਰ ਮਾਰਕੀਟਾਂ ਵਿਚ ਵੇਖਣ ਨੂੰ ਮਿਲ ਰਿਹਾ ਹੈ। ਗਰੌਸਰੀ ਆਦਿ ਸਟੋਰਾਂ ਵਿਚ ਸੈਲਫਾਂ ਅਤੇ ਅਲਮਾਰੀਆਂ ਬਿਨਾਂ ਸਮਾਨ ਦੇ ਖਾਲ੍ਹੀ ਮਿਲ ਰਹੀਆਂ ਹਨ। ਇਕਾਂਤਵਾਸ ਦੀਆਂ ਸੂਚਨਾਵਾਂ ਕਾਰਨ ਸੁਪਰ ਮਾਰਕੀਟਾਂ ਦਾ ਸਟਾਫ਼ ਘਰ ਰਹਿਣ ਲਈ ਮਜ਼ਬੂਰ ਹੈ ਅਤੇ ਖ਼ੁਰਾਕ ਸਪਲਾਈ 'ਤੇ ਢੋਆ-ਢੁਆਈ ਕਰਨ ਵਾਲੇ ਮਜ਼ਦੂਰਾਂ, ਡਰਾਈਵਰਾਂ ਦੀ ਗਿਣਤੀ ਵਿਚ ਵੀ ਕਮੀ ਆਈ ਹੈ।

ਭੋਜਨ ਸਪਲਾਈ ਕਰਨ ਵਾਲੀਆਂ ਕੰਪਨੀਆਂ, ਫਲਾਂ ਅਤੇ ਸ਼ਾਕਾਹਾਰੀ ਵਸਤਾਂ ਦੇ ਖੇਤਾਂ ਅਤੇ ਸੁਪਰਮਾਰਕੀਟਾਂ ਦਾ ਸਟਾਫ਼ ਉਹਨਾਂ ਹਜ਼ਾਰਾਂ ਲੋਕਾਂ ਵਿਚ ਸ਼ਾਮਲ ਹੈ, ਜਿਹਨਾਂ ਨੂੰ ਟੈਸਟ ਐਂਡ ਟਰੇਸ ਤਹਿਤ ਐਪ ਵੱਲੋਂ ਇਕਾਂਤਵਾਸ ਲਈ ਕਿਹਾ ਗਿਆ ਹੈ। ਐਡਿਨਬਰਾ, ਡੇਵੋਨ, ਹੈਂਪਸ਼ਾਇਰ, ਲੰਡਨ ਅਤੇ ਲਿਵਰਪੂਲ ਤੋਂ ਇਲਾਵਾ ਹੋਰ ਥਾਵਾਂ ਤੋਂ ਵੀ ਸੈਂਕੜੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ ਵਿਚ ਖਾਲ੍ਹੀ ਸਟੋਰਾਂ ਨੂੰ ਦਿਖਾਇਆ ਗਿਆ ਹੈ। ਇਹਨਾਂ ਸੂਚਨਾਵਾਂ ਦੇ ਵਾਧੇ ਤੋਂ ਪਹਿਲਾਂ ਵੀ ਫੂਡ ਇੰਡਸਟਰੀ ਨੂੰ ਖਾਲ੍ਹੀ ਅਲਮਾਰੀਆਂ ਦੀ ਚੇਤਾਵਨੀ ਦਿੱਤੀ ਜਾ ਰਹੀ ਸੀ, ਕਿਉਂਕਿ ਟਰੱਕ ਡਰਾਈਵਰਾਂ ਦੀ ਘਾਟ ਨੇ ਵੀ ਸੁਪਰਮਾਰਕੀਟ ਵਿਚ ਭੋਜਨ, ਸਮਾਨ ਆਦਿ ਦੀ ਸਪੁਰਦਗੀ ਵਿਚ ਦੇਰੀ ਕੀਤੀ ਹੈ।

ਸੁਪਰ ਮਾਰਕੀਟ ਟੈਸਕੋ ਅਨੁਸਾਰ ਡਰਾਈਵਰਾਂ ਦੀ ਘਾਟ ਕਾਰਨ ਹਰ ਹਫ਼ਤੇ 48 ਟਨ ਖਾਣਾ ਬਰਬਾਦ ਹੋਇਆ ਹੈ। ਕੰਪਨੀਆਂ ਅਨੁਸਾਰ ਬਹੁਤ ਸਾਰੇ ਯੂਰਪੀਅਨ ਡਰਾਈਵਰ ਬ੍ਰੇਕਸਿਟ ਅਤੇ ਰਾਸ਼ਟਰੀ ਤਾਲਾਬੰਦੀ ਹੋਣ ਕਰਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਇਸਦੇ ਇਲਾਵਾ ਮਹਾਮਾਰੀ ਨੇ ਵੀ ਕਈਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਇਸ ਸਥਿਤੀ ਵਿਚ ਸੁਪਰਮਾਰਕੀਟ ਦੁਕਾਨਦਾਰਾਂ ਨੂੰ ਨਾ ਘਬਰਾਉਣ ਦੀ ਅਪੀਲ ਕਰ ਰਹੇ ਹਨ ਅਤੇ ਕੁੱਝ ਦੁਕਾਨਦਾਰਾਂ ਨੇ ਚੰਗੀ ਤਰ੍ਹਾਂ ਭਰੀਆਂ ਹੋਈਆਂ ਅਲਮਾਰੀਆਂ ਦੀਆਂ ਫੋਟੋਆਂ ਵੀ ਪੋਸਟ ਕੀਤੀਆਂ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਭੋਜਨ ਦੀ ਘਾਟ ਨਹੀਂ ਹੋਈ ਹੈ।
 

cherry

This news is Content Editor cherry