ਯੁਗਾਂਡਾ ''ਚ ਕੁਦਰਤ ਦਾ ਕਹਿਰ, ਥਾਂ-ਥਾਂ ਬਿਖਰੀਆਂ ਪਈਆਂ ਹਨ ਲਾਸ਼ਾਂ

10/13/2018 10:01:43 AM

ਯੁਗਾਂਡਾ(ਏਜੰਸੀ)— ਯੁਗਾਂਡਾ 'ਚ ਭਾਰੀ ਮੀਂਹ ਅਤੇ ਲੈਂਡਸਲਾਈਡ ਕਾਰਨ ਘੱਟ ਤੋਂ ਘੱਟ 41 ਲੋਕਾਂ ਦੀ ਮੌਤ ਹੋ ਗਈ ਹੈ। ਕੁਦਰਤ ਦੇ ਕਹਿਰ ਤੋਂ ਲੋਕ ਬੁਰੀ ਤਰ੍ਹਾਂ ਡਰ ਗਏ ਹਨ ਅਤੇ ਥਾਂ-ਥਾਂ 'ਤੇ ਲਾਸ਼ਾਂ ਬਿਖਰੀਆਂ ਪਈਆਂ ਹਨ। ਐਮਰਜੈਂਸੀ ਅਧਿਕਾਰੀਆਂ ਅਤੇ ਜਿਊਂਦੇ ਬਚੇ ਲੋਕਾਂ ਨੇ ਦੱਸਿਆ ਕਿ ਨਦੀਆਂ ਦੇ ਪਾਣੀ ਨਾਲ ਵਹਿ ਕੇ ਆਈ ਮਿੱਟੀ ਅਤੇ ਪੱਥਰ ਘਰਾਂ 'ਚ ਦਾਖਲ ਹੋ ਗਏ ਹਨ। ਪੂਰਬੀ ਬੁੱਢਾ ਜ਼ਿਲਾ 'ਚ ਇਕ ਦਿਨ ਪਹਿਲਾਂ ਆਈ ਆਫਤ 'ਚ ਜਿਊਂਦੇ ਬਚੇ ਲੋਕਾਂ ਅਤੇ ਪੀੜਤਾਂ ਨੂੰ ਬਚਾਉਣ ਲਈ ਬਚਾਅ ਦਲ ਸ਼ੁੱਕਰਵਾਰ ਨੂੰ ਰਾਤ ਤਕ ਕੰਮ 'ਚ ਲੱਗਾ ਰਿਹਾ। ਇਸ ਆਫਤ ਕਾਰਨ ਕਈ ਲੋਕ ਲਾਪਤਾ ਹਨ ਹਾਲਾਂਕਿ ਇਨ੍ਹਾਂ ਦੀ ਗਿਣਤੀ ਅਜੇ ਤਕ ਪਤਾ ਨਹੀਂ ਲੱਗ ਸਕੀ ਹੈ।


ਰਾਹਤ, ਆਫਤ ਤਿਆਰੀ ਅਤੇ ਸ਼ਰਣਾਰਥੀ ਮਾਮਲਿਆਂ ਦੇ ਯੁਗਾਂਡਾ ਦੇ ਮੰਤਰੀ ਹਿਲਰੇ ਓਨੇਕ ਨੇ ਦੱਸਿਆ,'' ਕਈ ਲੋਕਾਂ ਦੀ ਜਾਨ ਚਲੇ ਗਈ ਹੈ ਪਰ ਬਚਾਅ ਕਰਮਚਾਰੀ ਅਜੇ ਵੀ ਲਾਪਤਾ ਲੋਕਾਂ ਦੀ ਭਾਲ ਕਰਨ 'ਚ ਲੱਗੇ ਹੋਏ ਹਨ। ਉਹ ਨਦੀ ਤਲ ਖੇਤਰ 'ਚ ਹੋਰ ਲਾਸ਼ਾਂ ਨੂੰ ਵੀ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।''


ਓਨੇਕ ਨੇ ਦੱਸਿਆ ਕਿ ਅਜੇ ਤਕ 38 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਵੱਖ-ਵੱਖ ਮਨੁੱਖੀ ਅੰਗ ਵੀ ਮਿਲੇ ਹਨ ਜਿਸ ਤੋਂ ਲੱਗਦਾ ਹੈ ਕਿ ਇਹ ਤਿੰਨ ਹੋਰ ਲੋਕਾਂ ਦੀਆਂ ਲਾਸ਼ਾਂ ਦੇ ਹੋ ਸਕਦੇ ਹਨ। ਕੁਦਰਤੀ ਆਫਤ ਅਤੇ ਸੰਘਰਸ਼ ਤੋਂ ਉੱਭਰਨ 'ਚ ਭਾਈਚਾਰਿਆਂ ਦੀ ਮਦਦ ਕਰਨ ਵਾਲੇ ਇਕ ਸੰਗਠਨ ਦੇ ਨਿਰਦੇਸ਼ਕ ਨਥਾਨ ਤੁਮੁਹਮਏ ਨੇ ਦੱਸਿਆ ਕਿ ਚਾਰ ਤੋਂ ਪੰਜ ਪਿੰਡਾਂ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ।