ਦੁਬਈ ਪ੍ਰਿੰਸਸ ਨੇ ਭਾਰਤ 'ਚ ਇਸਲਾਮੋਫੋਬੀਆ ਪੋਸਟ ਦਾ ਦਿੱਤਾ ਜਵਾਬ, ਕੀਤਾ ਮਹਾਤਮਾ ਗਾਂਧੀ ਨੂੰ ਯਾਦ

04/21/2020 2:27:55 PM

ਦੁਬਈ- ਕੋਰੋਨਾਵਾਇਰਸ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦੇ ਵਿਚਾਲੇ ਸੋਸ਼ਲ ਮੀਡੀਆ 'ਤੇ ਵੱਡੀ ਗਿਣਤੀ ਵਿਚ ਲੋਕ ਤਬਲੀਗੀ ਜਮਾਤ ਦੀਆਂ ਹਰਕਤਾਂ ਦੇ ਲਈ ਪੂਰੇ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੇ ਹਨ। ਭਾਰਤ ਵਿਚ ਵੀ ਲੋਕਾਂ ਨੇ ਮੁਸਲਮਾਨਾਂ 'ਤੇ ਕਈ ਇਤਰਾਜ਼ਯੋਗ ਟਵੀਟ ਕੀਤੇ ਹਨ। ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਦੁਬਈ ਜਿਹੇ ਸ਼ਹਿਰ ਨੂੰ ਵੀ ਹਿੰਦੁਆਂ ਨੇ ਬਣਾਇਆ ਸੀ। ਇਸ ਨਫਰਤ ਦੇ ਵਿਚਾਲੇ ਸੰਯੁਕਤ ਅਰਬ ਅਮੀਰਾਤ ਦੀ ਪ੍ਰਿੰਸਸ ਹੇਂਦ ਅਲ ਕਾਸਿਮੀ ਨੇ ਲੋਕਾਂ ਨੂੰ ਸ਼ਾਂਤੀ ਤੇ ਸਦਭਾਵਨਾ ਦਾ ਸੰਦੇਸ਼ ਦਿੱਤਾ ਹੈ। ਪ੍ਰਿੰਸਸ ਨੇ ਭਾਰਤ ਦੇ ਲੋਕਾਂ ਨੂੰ ਮਹਾਤਮਾ ਗਾਂਧੀ ਨੂੰ ਯਾਦ ਕਰਨ ਦੀ ਅਪੀਲ ਵੀ ਕੀਤੀ ਹੈ।

ਕੀ ਹੈ ਮਾਮਲਾ?
ਦੱਸ ਦਈਏ ਕਿ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਕਈ ਲੋਕ ਕੋਰੋਨਾਵਾਇਰਸ ਇਨਫੈਕਸ਼ਨ ਨੂੰ ਵਿਸ਼ੇਸ਼ ਭਾਈਚਾਰੇ ਨਾਲ ਜੋੜ ਕੇ ਟਿੱਪਣੀਆਂ ਰਾਹੀਂ ਨਫਰਤ ਫੈਲਾ ਰਹੇ ਹਨ। ਅਜਿਹੇ ਹੀ ਇਕ ਟਵਿੱਟਰ ਯੂਜ਼ਰ ਨੇ ਤਬਲੀਗੀ ਜਮਾਤ ਦੇ ਲੋਕਾਂ ਨੂੰ ਭਾਰਤ ਵਿਚ ਕੋਰੋਨਾਵਾਇਰਸ ਫੈਲਾਉਣ ਦਾ ਜ਼ਿੰਮੇਦਾਰ ਦੱਸਦੇ ਹੋਏ ਵਿਸ਼ੇਸ਼ ਭਾਈਚਾਰੇ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਯੂਜ਼ਰ ਨੇ ਦਾਅਵਾ ਕੀਤਾ ਸੀ ਕਿ ਦੁਬਈ ਸ਼ਹਿਰ ਨੂੰ ਹਿੰਦੁਆਂ ਨੇ ਬਣਾਇਆ ਹੈ ਤੇ ਵਿਸ਼ੇਸ਼ ਭਾਈਚਾਰੇ ਨੇ ਉਸ 'ਤੇ ਕਬਜ਼ਾ ਕਰ ਲਿਆ। ਬਾਅਦ ਵਿਚ ਇਹ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।

ਹੇਟ ਸਪੀਚ ਦਾ ਦਿੱਤਾ ਜਵਾਬ
ਪ੍ਰਿੰਸਸ ਹੇਂਦ ਅਲ ਕਾਸਿਮੀ ਨੇ ਇਸ ਟਵੀਟ ਦਾ ਕਰਾਰਾ ਜਵਾਬ ਦਿੰਦੇ ਹੋਏ ਰੀਟਵੀਟ ਵਿਚ ਲਿਖਿਆ ਕਿ ਯੂ.ਏ.ਈ. ਵਿਚ ਇਸ ਤਰ੍ਹਾਂ ਦਾ ਵਿਵਹਾਰ ਸਹਿਨ ਨਹੀਂ ਕੀਤਾ ਜਾਵੇਗਾ। ਹੇਟ ਸਪੀਚ ਦੇ ਖਿਲਾਫ ਮੁਹਿੰਮ ਚਲਾਉਣ ਵਾਲੀ ਰਾਜਕੁਮਾਰੀ ਨੇ ਲਿਖਿਆ ਕਿ ਨਫਰਤ ਫੈਲਾਉਣ ਵਾਲੀਆਂ ਗੱਲਾਂ ਕਤਲੇਆਮ ਦੀ ਸ਼ੁਰੂਆਤ ਹਨ। ਮਹਾਤਮਾ ਗਾਂਧੀ ਨੇ ਇਕ ਵਾਰ ਕਿਹਾ ਸੀ ਕਿ ਅੱਖ ਦੇ ਬਦਲੇ ਅੱਖ ਲੈਣ ਨਾਲ ਦੁਨੀਆ ਅੰਨ੍ਹੀ ਹੋ ਜਾਵੇਗੀ। ਸਾਨੂੰ ਆਪਣੇ ਖੂਨੀ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਹੈ। ਸਾਨੂੰ ਇਹ ਸਮਝਣਾ ਹੋਵੇਗਾ ਕਿ ਮੌਤ ਨਾਲ ਮੌਤ ਪੈਦਾ ਹੁੰਦੀ ਹੈ ਤੇ ਪਿਆਰ ਨਾਲ ਪਿਆਰ ਦਾ ਜਨਮ ਹੁੰਦਾ ਹੈ। ਖੁਸ਼ਹਾਲੀ ਦੀ ਸ਼ੁਰੂਆਤ ਵੀ ਸ਼ਾਂਤੀ ਨਾਲ ਹੀ ਹੁੰਦੀ ਹੈ।

ਰਾਜਕੁਮਾਰੀ ਨੂੰ ਸ਼ਾਂਤੀਪੂਰਨ ਤਰੀਕੇ 'ਤੇ ਭਰੋਸਾ
ਰਾਜਕੁਮਾਰੀ ਹੇਂਦ ਯੂ.ਏ.ਈ. ਵਿਚ ਹੀ ਪੈਦਾ ਹੋਈ ਹੈ ਤੇ ਉਹਨਾਂ ਦੇ ਪਿਤਾ ਡਾਕਟਰ ਜਦਕਿ ਮਾਂ ਸਕੂਲ ਦੀ ਪ੍ਰਿੰਸੀਪਲ ਸੀ। ਗਾਂਧੀ ਜੀ ਦੇ ਨਾਂ ਨਾਲ ਰਾਜਕੁਮਾਰੀ ਨੇ ਟਵਿੱਟਰ 'ਤੇ ਜੋ ਕਿਹਾ ਉਹ ਅਸਲ ਵਿਚ ਇਕ ਮਸ਼ਹੂਰ ਫਿਲਮ 'ਗਾਂਧੀ' ਦਾ ਡਾਇਲਾਗ ਹੈ। ਫਿਲਮ ਤੋਂ ਬਾਅਦ ਇਹ ਡਾਇਲਾਗ ਗਾਂਧੀ ਜੀ ਦੀ ਕਹੀ ਗੱਲ ਦੇ ਰੂਪ ਵਿਚ ਮਸ਼ਹੂਰ ਹੋ ਗਿਆ। ਰਾਜਕੁਮਾਰੀ ਨੇ ਅੱਗੇ ਲਿਖਿਆ ਕਿ ਗਾਂਧੀ ਜੀ ਸਾਰੇ ਲੋਕਾਂ ਦੇ ਅਧਿਕਾਰਾਂ ਤੇ ਮਾਣ ਦੇ ਲਈ ਬੇਖੌਫ ਹੋ ਕੇ ਮੁਹਿੰਮ ਚਲਾਉਂਦੇ ਸਨ। ਉਹਨਾਂ ਨੇ ਲੋਕਾਂ ਦੇ ਦਿਲ ਤੇ ਦਿਮਾਗ ਨੂੰ ਜਿੱਤਣ ਲਈ ਲਗਾਤਾਰ ਅਹਿੰਸਾ ਨੂੰ ਬੜਾਵਾ ਦਿੱਤਾ। ਇਸ ਨੇ ਦੁਨੀਆ 'ਤੇ ਇਕ ਅਮਿੱਟ ਛਾਪ ਛੱਡੀ। ਮੈਂ ਗਾਂਧੀ ਜੀ ਦੀ ਮੁਰੀਦ ਹੋ ਗਈ ਤੇ ਮੈਂ ਹੁਣ ਨਫਰਤ ਨਾਲ ਨਿਪਟਣ ਲਈ ਗਾਂਧੀ ਜੀ ਦੇ ਸ਼ਾਂਤੀਪੂਰਨ ਤਰੀਕੇ 'ਤੇ ਭਰੋਸਾ ਕਰਦੀ ਹਾਂ।

Baljit Singh

This news is Content Editor Baljit Singh