ਯੂ. ਏ. ਈ. ਨੇ ਆਪਣੇ ਨਾਗਰਿਕਾਂ ਨੂੰ ਕੇਰਲ ਦੀ ਯਾਤਰਾ ਨਾ ਕਰਨ ਦੀ ਦਿੱਤੀ ਚਿਤਾਵਨੀ

05/26/2018 5:57:39 PM

ਆਬੂ ਧਾਬੀ— ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਆਪਣੇ ਨਾਗਰਿਕਾਂ ਲਈ ਕੇਰਲ ਦੀ ਯਾਤਰਾ 'ਤੇ ਨਾ ਜਾਣ ਦੀ ਚਿਤਾਵਨੀ ਜਾਰੀ ਕੀਤੀ ਹੈ। ਕੇਰਲ 'ਚ ਨਿਪਾਹ ਵਾਇਰਸ ਦੇ ਫੈਲਣ ਨਾਲ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਘੱਟੋ-ਘੱਟ 40 ਪੀੜਤਾਂ ਦਾ ਇਲਾਜ ਜਾਰੀ ਹੈ। ਸਿਹਤ ਅਤੇ ਰੋਕਥਾਮ ਮੰਤਰਾਲੇ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਆਪਣੇ ਰਣਨੀਤਕ ਸਾਂਝੇਦਾਰ ਦੇਸ਼ਾਂ ਨਾਲ ਨਿਪਾਹ ਵਾਇਰਸ ਦੇ ਦੇਸ਼ ਵਿਚ ਫੈਲਣ ਦੇ ਖਤਰੇ ਦੀ ਰੋਕਥਾਮ ਦੇ ਉਪਾਅ ਕਰ ਰਿਹਾ ਹੈ ਅਤੇ ਇਸ ਲਈ ਉਸ ਨੇ ਜ਼ਰੂਰੀ ਕਦਮ ਚੁੱਕੇ ਹਨ। 


ਮੰਤਰਾਲੇ ਨੇ ਕਿਹਾ ਕਿ ਉਹ ਹਾਲਾਤ 'ਤੇ ਤਿੱਖੀ ਨਜ਼ਰ ਰੱਖ ਰਹੇ ਹਨ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊ ਐੱਚ. ਓ.) ਦੇ ਲਗਾਤਾਰ ਸੰਪਰਕ ਵਿਚ ਹਨ। ਮੰਤਰਾਲੇ ਨੇ ਆਪਣੇ ਨਾਗਰਿਕਾਂ ਨੂੰ ਕੇਰਲ ਵਿਚ ਨਿਪਾਹ ਵਾਇਰਸ ਦੇ ਇਨਫੈਕਸ਼ਨ ਪ੍ਰਤੀ ਜਾਗਰੂਕ ਰਹਿਣ ਲਈ ਸਾਵਧਾਨ ਕੀਤਾ ਹੈ ਅਤੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਸਥਿਤੀ ਦੇ ਕੰਟਰੋਲ 'ਚ ਆਉਣ ਤੱਕ ਉੱਥੋਂ ਦੀ ਬੇਲੋੜੀ ਯਾਤਰਾ ਤੋਂ ਬਚਣ। 
ਓਧਰ ਦੁਬਈ ਵਿਚ ਏਅਰਲਾਈਨਜ਼ ਕੰਪਨੀ 'ਐਮੀਰੇਟਸ' ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਹਾਲਾਤ 'ਤੇ ਨੇੜੇ ਤੋਂ ਨਜ਼ਰ ਰੱਖ ਰਹੇ ਹਨ। ਬਿਆਨ 'ਚ ਕਿਹਾ ਗਿਆ ਏਅਰਲਾਈਨਜ਼ ਨੂੰ ਕੇਰਲ ਵਿਚ ਪਿਛਲੇ ਦਿਨੀਂ ਨਿਪਾਹ ਦੇ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਹੈ। ਸਾਡੇ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਹਮੇਸ਼ਾ ਸਾਡੀ ਪਹਿਲੀ ਤਰਜ਼ੀਹ ਰਹੇਗੀ।