ਨਵੇਂ ਤਰ੍ਹਾਂ ਦੇ ਰਸਾਇਣਕ ਹਥਿਆਰ ਵਿਕਸਤ ਕਰ ਰਿਹਾ ਹੈ ਸੀਰੀਆ : ਅਮਰੀਕਾ

02/02/2018 11:21:43 AM

ਵਾਸ਼ਿੰਗਟਨ— ਸੀਰੀਆ ਵੱਲੋਂ ਨਵੇਂ ਤਰ੍ਹਾਂ ਦੇ ਰਸਾਇਣਕ ਹਥਿਆਰ ਵਿਕਸਤ ਕੀਤੇ ਜਾਣ ਦੇ ਸ਼ੱਕ ਨੂੰ ਦੇਖਦੇ ਹੋਇਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਰਸਾਇਣਕ ਹਮਲਿਆਂ ਨੂੰ ਰੋਕਣ ਲਈ ਜ਼ਰੂਰੀ ਫੌਜੀ ਕਾਰਵਾਈ ਕਰਨ 'ਤੇ ਵਿਚਾਰ ਕਰਨ ਲਈ ਤਿਆਰ ਹਨ। ਉੱਚ ਅਧਿਕਾਰੀਆਂ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਇਸ ਗੱਲ ਦੀ ਜਾਣਕਾਰੀ ਦਿੱਤੀ। ਅਮਰੀਕੀ ਅਧਿਕਾਰੀਆਂ ਮੁਤਾਬਕ 2014 'ਚ ਅਮਰੀਕਾ ਅਤੇ ਰੂਸ ਵਿਚਕਾਰ ਹੋਏ ਸਮਝੌਤੇ ਦੇ ਬਾਵਜੂਦ ਸੀਰੀਆ ਦੇ ਰਾਸ਼ਟਰਪਤੀ ਬਸ਼ਰ-ਅਲ-ਅਸਦ ਗੁਪਤ ਰੂਪ ਨਾਲ ਰਸਾਇਣਕ ਹਥਿਆਰਾਂ ਦਾ ਨਿਰਮਾਣ ਕਰਵਾ ਰਹੇ ਹਨ। ਇਸ ਸਮਝੌਤੇ ਤਹਿਤ ਸੀਰੀਆ ਨੂੰ ਆਪਣੇ ਸਾਰੇ ਰਸਾਇਣਕ ਹਥਿਆਰਾਂ ਨੂੰ ਖਤਮ ਕਰਨ ਲਈ ਉਨ੍ਹਾਂ ਨੂੰ ਸੌਂਪਣਾ ਸੀ। ਰਾਸ਼ਟਰਪਤੀ ਅਸਦ ਦੀ ਫੌਜ ਗੁਪਤ ਰੂਪ ਨਾਲ ਲਗਾਤਾਰ ਆਪਣੇ ਰਸਾਇਣਕ ਹਥਿਆਰਾਂ ਦੇ ਨਿਰਮਾਣ 'ਚ ਲੱਗੀ ਹੋਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਪ੍ਰੈਲ 'ਚ ਸੀਰੀਆਈ ਫੌਜ ਨੇ ਕਥਿਤ ਰੂਪ ਤੋਂ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ ਸੀ, ਜਿਸ ਦੇ ਬਾਅਦ ਅਮਰੀਕੀ ਫੌਜ ਨੇ ਸੀਰੀਆਈ ਹਵਾਈ ਫੌਜ ਦੇ ਅੱਡੇ 'ਤੇ ਮਿਜ਼ਾਇਲ ਨਾਲ ਹਮਲਾ ਕੀਤਾ ਸੀ।