ਅੱਧੀ ਰਾਤ ਨੂੰ ਕੁੜੀਆਂ ਨੇ ਤੇਜ਼ ਰਫਤਾਰ ''ਤੇ ਭਜਾਈ ਕਾਰ, ਹੋਈ ਹਾਦਸੇ ਦੀ ਸ਼ਿਕਾਰ, ਉੱਡੇ ਪਰਖੱਚੇ (ਤਸਵੀਰਾਂ)

02/20/2017 2:41:23 PM

ਬਰੈਂਪਟਨ— ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਦੋ ਕੁੜੀਆਂ ਨੂੰ ਭਿਆਨਕ ਸੜਕ ਹਾਦਸੇ ਵਿਚ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਨ੍ਹਾਂ ਕੁੜੀਆਂ ਦੀ ਕਾਰ ਰਦਰਫੋਰਡ ਰੋਡ ਅਤੇ ਕਲੇਰੇਂਸ ਰੋਡ ਦੇ ਮੋੜ ''ਤੇ ਖੰਭੇ ਨਾਲ ਟਕਰਾਅ ਗਈ ਸੀ। ਹਾਦਸਾ ਇੰਨਾਂ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਉਸ ਦੇ ਮਲਬੇ ਵਿਚ ਦੋਵੇਂ ਕੁੜੀਆਂ ਬੁਰੀ ਤਰ੍ਹਾਂ ਫਸ ਗਈਆਂ। ਮੌਕੇ ''ਤੇ ਪੁੱਜੇ ਬਚਾਅ ਕਰਮੀਆਂ ਨੇ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਦੋਹਾਂ ਨੂੰ ਕਾਰ ਦੇ ਮਲਬੇ ''ਚੋਂ ਬਾਹਰ ਕੱਢਿਆ। 
ਟੋਰਾਂਟੋ ਦੇ ਪੈਰਾਮਿਡਿਕ ਵਿਭਾਗ ਨੇ ਦੱਸਿਆ ਕਿ ਦੋਵੇਂ ਕੁੜੀਆਂ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਹਨ ਅਤੇ ਉਨ੍ਹਾਂ ਨੂੰ ਸਨੀਬਰੁਕ ਹੈਲਥ ਸਾਇੰਸ ਸੈਂਟਰ ਵਿਖੇ ਦਾਖਲ ਕੀਤਾ ਗਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਹੋਣ ਕਰਕੇ ਇਹ ਹਾਦਸਾ ਵਾਪਰਿਆ।

Kulvinder Mahi

This news is News Editor Kulvinder Mahi