ਪਾਬੰਦੀਆਂ ਹਟਣ ਦੇ ਬਾਵਜੂਦ ਵਧੇਰੇ ਕੈਨੇਡੀਅਨ 2 ਮੀਟਰ ਦੀ ਸਮਾਜਕ ਦੂਰੀ ਰੱਖਣ ਦੇ ਹੱਕ ''ਚ

06/23/2020 3:41:04 PM

ਓਟਾਵਾ- ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਅਜਿਹੇ ਵਿਚ ਹਰ ਦੇਸ਼ ਨੂੰ ਜਨਤਕ ਥਾਵਾਂ 'ਤੇ ਇਕੱਠੇ ਹੋਣ 'ਤੇ ਪਾਬੰਦੀਆਂ ਲਗਾਉਣੀਆਂ ਪਈਆਂ। ਕੈਨੇਡਾ ਨੇ ਕੋਰੋਨਾ ਵਾਇਰਸ ਕਾਰਨ ਲਾਈਆਂ ਪਾਬੰਦੀਆਂ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਵੀ ਬਹੁਤੇ ਲੋਕ ਭੀੜ ਵਾਲੀ ਥਾਂ 'ਤੇ ਜਾਣ ਤੋਂ ਬਚ ਰਹੇ ਹਨ। ਬਹੁਤੇ ਲੋਕ ਘਰੋਂ ਹੀ ਕੰਮ ਕਰਨ ਨੂੰ ਪਹਿਲ ਦੇ ਰਹੇ ਹਨ।

ਇਕ ਨਵੇਂ ਸਰਵੇਖਣ ਮੁਤਾਬਕ ਦੋ-ਤਿਹਾਈ ਕੈਨੇਡੀਅਨ ਕੋਰੋਨਾ ਵਾਇਰਸ ਪ੍ਰਸਾਰ ਨੂੰ ਰੋਕਣ ਲਈ ਲਗਾਏ ਗਏ ਸਰੀਰਕ ਦੂਰੀ ਦੇ ਨਿਯਮਾਂ ਵਿਚ ਢਿੱਲ ਨਹੀਂ ਦੇਣਾ ਚਾਹੁੰਦੇ। ਹਾਲਾਂਕਿ ਸਰਕਾਰ ਨੇ ਲੋਕਾਂ ਨੂੰ ਘੁੰਮਣ-ਫਿਰਨ ਤੇ ਮਨੋਰੰਜਨ ਕਰਨ ਦੀ ਛੋਟ ਦੇ ਦਿੱਤੀ ਹੈ ਫਿਰ ਵੀ ਲੋਕ ਅਜੇ ਇਸ ਸਭ ਤੋਂ ਦੂਰੀ ਬਣਾ ਕੇ ਰੱਖ ਰਹੇ ਹਨ। ਫਿਲਮ ਥਿਏਟਰ ਖੁੱਲ੍ਹ ਜਾਣ ਦੇ ਬਾਵਜੂਦ ਲੋਕ ਇਸ ਢਿੱਲ ਦਾ ਫਾਇਦਾ ਨਹੀਂ ਲੈ ਰਹੇ ਤੇ ਘਰ ਰਹਿਣ ਵਿਚ ਹੀ ਸਮਝਦਾਰੀ ਸਮਝ ਰਹੇ ਹਨ। 

ਲੇਜਰ ਐਂਡ ਐਸੋਸੀਏਸ਼ਨ ਫਾਰ ਕੈਨੇਡੀਅਨ ਸਟਡੀਜ਼ ਵਲੋਂ ਕਰਵਾਏ ਗਏ ਇਸ ਸਰਵੇਖਣ ਮੁਤਾਬਕ 66 ਫੀਸਦੀ ਲੋਕਾਂ ਨੇ ਕਿਹਾ ਕਿ ਜਨਤਕ ਸਥਾਨਾਂ 'ਤੇ ਸਭ ਨੂੰ ਦੋ ਮੀਟਰ ਦੀ ਸਮਾਜਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਜਿਵੇਂ ਕਿ ਕੈਨੇਡਾ ਦੇ ਜਨਤਕ ਸਿਹਤ ਅਧਿਕਾਰੀਆਂ ਵਲੋਂ ਸਿਫਾਰਸ਼ ਕੀਤੀ ਗਈ ਹੈ। ਸਿਰਫ 12 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਇਸ ਦੂਰੀ ਨੂੰ ਡੇਢ ਮੀਟਰ ਰੱਖਣਾ ਚਾਹੀਦਾ ਹੈ ਤੇ 10 ਫੀਸਦੀ ਲੋਕ ਇਕ ਮੀਟਰ ਦੀ ਦੂਰੀ ਨੂੰ ਹੀ ਠੀਕ ਸਮਝਦੇ ਹਨ। 
ਸਰਵੇਖਣ ਮੁਤਾਬਕ ਜੇਕਰ ਸਮਾਜਰ ਦੂਰੀ 1 ਮੀਟਰ ਤਕ ਕਰ ਦਿੱਤੀ ਜਾਂਦੀ ਹੈ ਤਾਂ ਸ਼ਾਇਦ 40 ਫੀਸਦੀ ਲੋਕ ਹੀ ਰੈਸਟੋਰੈਂਟ ਵਿਚ ਖਾਣ-ਪੀਣ ਵਿਚ ਠੀਕ ਮਹਿਸੂਸ ਕਰਨਗੇ।

Lalita Mam

This news is Content Editor Lalita Mam