ਪਾਕਿਸਤਾਨ : ਬੰਬ ਧਮਾਕੇ ਵਿਚ ਦੋ ਪੁਲਸ ਮੁਲਾਜ਼ਮਾਂ ਦੀ ਮੌਤ

06/07/2018 5:46:27 PM

ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਦੇ ਅਸ਼ਾਂਤ ਸੂਬੇ ਖੈਬਰ ਪਖਤੂਨਖਵਾ ਵਿਚ ਅਫਗਾਨ ਸਰਹੱਦ ਨੇੜੇ ਅੱਜ ਸੜਕ ਕਿਨਾਰੇ ਲਗਾਏ ਗਏ ਇਕ ਬੰਬ ਕਾਰਨ ਧਮਾਕਾ ਹੋ ਗਿਆ ਜਿਸ ਵਿਚ ਦੋ ਪੁਲਸ ਮੁਲਾਜ਼ਮ ਮਾਰੇ ਗਏ ਅਤੇ ਇਕ ਜ਼ਖਮੀ ਹੋ ਗਿਆ। ਘਟਨਾ ਸੂਬੇ ਦੇ ਮੈਦਾਨ ਜ਼ਿਲੇ ਦੇ ਇਕ ਦੂਰ-ਦੁਰਾਡੇ ਦੇ ਇਲਾਕੇ ਵਿਚ ਵਾਪਰੀ। ਧਮਾਕਾ ਇਕ ਪੁਲਸ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਧਮਾਕੇ ਨਾਲ ਇਕ ਥਾਣਾ ਮੁਖੀ ਅਤੇ ਕਾਂਸਟੇਬਲ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਇਕ ਦੂਜਾ ਕਾਂਸਟੇਬਲ ਜ਼ਖਮੀ ਹੋ ਗਿਆ। ਜ਼ਖਮੀ ਪੁਲਸ ਮੁਲਾਜ਼ਮਾਂ ਨੂੰ ਨੇੜਲੇ ਇਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸੁਰੱਖਿਆ ਮੁਲਾਜ਼ਮ ਮੌਕੇ ਉੱਤੇ ਪਹੁੰਚੇ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਤੁਰੰਤ ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।