ਕੈਨੇਡਾ ''ਚ ਨਸ਼ਾ ਤਸਕਰੀ ਦੀ ਦਲਦਲ ''ਚ ਫਸੇ 2 ਪੰਜਾਬੀਆਂ ਨੂੰ ਮਿਲੀ ਸਜ਼ਾ

11/18/2017 9:22:29 AM

ਐਬਟਸਫੋਰਡ— ਕੈਨੇਡਾ 'ਚ ਦਿਨੋਂ-ਦਿਨ ਨਸ਼ਾ ਤਸਕਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਠੱਲ ਪਾਉਣ ਲਈ ਪੁਲਸ ਵਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੈਨੇਡਾ ਦੇ ਸ਼ਹਿਰ ਐਬਟਸਫੋਰਡ 'ਚ ਦੋ ਪੰਜਾਬੀਆਂ ਨੂੰ ਅਦਾਲਤ ਨੇ ਨਸ਼ਾ ਤਸਕਰੀ ਦੇ ਦੋਸ਼ 'ਚ ਸਜ਼ਾ ਸੁਣਾਈ ਹੈ। ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਨੌਜਵਾਨ ਪੀੜੀ ਗਲਤ ਰਸਤੇ 'ਤੇ ਜਾ ਰਹੀ ਹੈ ਤੇ ਆਪਣੇ ਨਾਲ-ਨਾਲ ਆਪਣੇ ਭਾਈਚਾਰੇ ਨੂੰ ਨਮੋਸ਼ੀ ਦਾ ਸਾਹਮਣਾ ਕਰਵਾ ਰਹੀ ਹੈ। ਮਾਰਚ 2017 'ਚ ਪੁਲਸ ਨੇ ਛਾਪੇਮਾਰੀ ਦੌਰਾਨ ਇਨ੍ਹਾਂ ਪੰਜਾਬੀਆਂ ਦੇ ਵਾਹਨਾਂ ਤੇ ਘਰਾਂ 'ਚੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ। 19 ਸਾਲਾ ਕਰਨਜੀਤ ਮਾਨ ਨੂੰ 3 ਸਾਲ ਅਤੇ 75 ਦਿਨਾਂ ਦੀ ਅਤੇ 22 ਸਾਲਾ ਸਰਬਜੀਤ ਮਾਨ ਨੂੰ 5 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। ਸਰਬਜੀਤ 'ਤੇ ਨਸ਼ਾ ਤਸਕਰੀ ਦੇ 11 ਦੋਸ਼ ਲੱਗੇ ਹਨ ਤੇ ਇਸ ਦੇ ਨਾਲ ਹੀ ਉਹ ਗੈਰ-ਕਾਨੂੰਨੀ ਹਥਿਆਰ ਰੱਖਣ ਦਾ ਦੋਸ਼ੀ ਹੈ। ਇਨ੍ਹਾਂ ਦੇ ਇਕ ਹੋਰ ਸਾਥੀ ਅਕਾਸ਼ਦੀਪ ਦੀ ਇਸੇ ਮਾਮਲੇ 'ਚ ਜਾਂਚ ਚੱਲ ਰਹੀ ਹੈ। ਪੁਲਸ ਨੇ ਕਿਹਾ ਕਿ ਇਨ੍ਹਾਂ 3 ਦੋਸ਼ੀਆਂ 'ਤੇ 30 ਦੋਸ਼ ਲੱਗੇ ਸਨ ਅਤੇ ਵੱਡੀ ਮਾਤਰਾ 'ਚ ਕੋਕੀਨ ਅਤੇ ਹੈਰੋਈਨ ਫੜੀ ਗਈ ਸੀ। ਤੁਹਾਨੂੰ ਦੱਸ ਦਈਏ ਕਿ ਸਾਲ 2016 ਤੋਂ 2017 ਵਿਚਕਾਰ ਇਸ ਇਲਾਕੇ 'ਚ ਓਵਰ ਡੋਜ਼ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧੀ ਹੈ।