ਵਿਦੇਸ਼ੀ ਧਰਤੀ ''ਤੇ ਦੋ ਪੰਜਾਬੀ ਭਰਾਵਾਂ ''ਤੇ ਸ਼ਰਮਨਾਕ ਦੋਸ਼, ਅਦਾਲਤ ''ਚ ਪਰਿਵਾਰਕ ਮੈਂਬਰਾਂ ਦੀਆਂ ਨਿਕਲੀਆਂ ਧਾਹਾਂ

02/18/2017 3:21:31 PM

ਲੰਡਨ (ਰਾਜਵੀਰ ਸਮਰਾ) — ਵਿਦੇਸ਼ ਦੀ ਧਰਤੀ ''ਤੇ ਇਕ ਵਾਰ ਫਿਰ ਪੰਜਾਬੀਆਂ ਨੇ ਆਪਣੇ ਘਟੀਆ ਕਾਰਿਆਂ ਨਾਲ ਸਾਰੇ ਪੰਜਾਬੀ ਭਾਈਚਾਰੇ ਦਾ ਸਿਰ ਸ਼ਰਮ ਨਾਲ ਝੁਕਾਅ ਦਿੱਤਾ ਹੈ। 20 ਸਾਲ ਪੁਰਾਣੇ ਬਲਾਤਕਾਰ ਦੇ ਇਕ ਮਾਮਲੇ ਵਿਚ ਦੋ ਭਰਾਵਾਂ 41 ਸਾਲਾ ਜਰਨੈਲ ਸਿੰਘ ਅਤੇ ਉਸ ਦੇ ਚਚੇਰੇ ਭਰਾ 59 ਸਾਲਾ ਹਰਦੇਵ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਦੇ ਨਾਲ ਇਨ੍ਹਾਂ ਦੋਹਾਂ ਭਰਾਵਾਂ ਨੂੰ ਸਰੀਰਕ ਸ਼ੋਸ਼ਣ ਦੇ 6 ਦੋਸ਼ਾਂ ਤਹਿਤ ਦੋਸ਼ੀ ਐਲਾਨਿਆ ਗਿਆ ਹੈ। ਦੂਜੇ ਪਾਸੇ ਇਨ੍ਹਾਂ ਦੋਹਾਂ ਦਾ ਕਹਿਣਾ ਹੈ ਕਿ ਕੁੜੀ ਸਿਰਫ ਮੁਆਵਜ਼ਾ ਲੈਣ ਲਈ ਅਜਿਹਾ ਕਰ ਰਹੀ ਹੈ। ਅਦਾਲਤ ਨੇ ਸਜ਼ਾ ਸੁਣਾਏ ਜਾਣ ਤੱਕ ਦੋਹਾਂ ਨੂੰ ਜੇਲ ਭੇਜ ਦਿੱਤਾ। 
ਟੀਸਾਈਡ ਕਰਾਊਨ ਕੋਰਟ ਮੁਤਾਬਕ ਇਨ੍ਹਾਂ ਦੋਹਾਂ ਭਰਾਵਾਂ ਨੇ ਤਕਰੀਬਨ 20 ਸਾਲ ਪਹਿਲਾਂ ਇਕ ਨਾਬਾਲਗ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਗਿਆ ਕਿ ਇਨ੍ਹਾਂ ਦੋਹਾਂ ਭਰਾਵਾਂ ਨੇ ਮਿਡਲਜ਼ਬਰੌਅ ਦੇ ਹੇਮ ਇਲਾਕੇ ਵਿਚ ਦਰੱਖਤਾਂ ਦੇ ਇਕ ਝੁੰਡ ਪਿੱਛੇ ਕੁੜੀ ਨਾਲ ਬਲਾਤਕਾਰ ਕੀਤਾ। ਜਰਨੈਲ ਸਿੰਘ ਨੇ ਮੰਨਿਆ ਕਿ ਦੋ ਦਹਾਕੇ ਪਹਿਲਾਂ ਮੈਡੀਸਨ ਨਾਈਟ ਕਲੱਬ ਦੀ ਟਾਇਲਟ ਵਿਚ ਉਸ ਨੇ ਇਕ ਕੁੜੀ ਨਾਲ ਸਰੀਰਕ ਸੰਬੰਧ ਬਣਾਏ ਸਨ ਪਰ ਇਹ ਸਹਿਮਤੀ ਨਾਲ ਬਣਾਏ ਗਏ ਸੰਬੰਧ ਸਨ, ਬਲਾਤਕਾਰ ਨਹੀਂ ਸੀ। ਅਦਾਲਤ ਨੇ ਜਰਨੈਲ ਸਿੰਘ ਨੂੰ ਇਕ ਹੋਰ ਕੁੜੀ ਵਰਗਲਾਉਣ ਅਤੇ ਵੇਸਵਾ ਬਣਾਉਣ ਦੇ ਮਾਮਲੇ ''ਚੋਂ ਬਰੀ ਕਰ ਦਿੱਤਾ ਹੈ। ਹਰਦੇਵ ਸਿੰਘ ਨੂੰ ਵੀ ਇਕ ਹੋਰ ਬਲਾਤਕਾਰ ਕੇਸ ਤੋਂ ਬਰਾ ਕਰ ਦਿੱਤਾ ਗਿਆ। ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਵਿਚ ਦੋਹਾਂ ਵਿਅਕਤੀਆਂ ਦੇ ਪਰਿਵਾਰ ਵੀ ਮੌਜੂਦ ਸਨ। ਜੱਜ ਦਾ ਫੈਸਲਾ ਸੁਣ ਕੇ ਦੋਵਾਂ ਦੋਸ਼ੀਆਂ ਦੇ ਪਰਿਵਾਰਕ ਮੈਂਬਰਾਂ ਦੀਆਂ ਅਦਾਲਤ ਵਿਚ ਹੀ ਧਾਹਾਂ ਨਿਕਲ ਗਈਆਂ।

Kulvinder Mahi

This news is News Editor Kulvinder Mahi