ਅਮਰੀਕਾ ਦੀਆਂ ਸਭ ਤੋਂ ਅਮੀਰ ਆਤਮ-ਨਿਰਭਰ ਔਰਤਾਂ ਦੀ ਸੂਚੀ ''ਚ 2 ਭਾਰਤੀ ਮੂਲ ਦੀਆਂ

07/13/2018 10:55:18 AM

ਨਿਊਯਾਰਕ, (ਭਾਸ਼ਾ)— ਫੋਰਬਸ ਨੇ ਅਮਰੀਕਾ ਦੀਆਂ ਸਭ ਤੋਂ ਅਮੀਰ ਆਤਮ-ਨਿਰਭਰ ਔਰਤਾਂ ਦੀ ਆਪਣੀ ਚੌਥੀ ਸਾਲਾਨਾ ਸੂਚੀ ਜਾਰੀ ਕੀਤੀ ਹੈ। ਇਸ 'ਚ 60 ਔਰਤਾਂ ਸ਼ਾਮਲ ਹਨ, ਜਿਨ੍ਹਾਂ 'ਚ 2 ਭਾਰਤੀ ਮੂਲ ਦੀਆਂ ਵੀ ਹਨ। ਇਨ੍ਹਾਂ ਔਰਤਾਂ ਦੀ ਰਿਕਾਰਡ 717 ਅਰਬ ਡਾਲਰ ਦੀ ਜਾਇਦਾਦ ਹੈ, ਜੋ 2017 'ਚ 61.5 ਬਿਲੀਅਨ ਡਾਲਰ ਤੋਂ 15 ਫ਼ੀਸਦੀ ਜ਼ਿਆਦਾ ਹੈ। ਇਸ ਸਾਲ ਦੀ ਸੂਚੀ ਬਣਾਉਣ ਲਈ ਜ਼ਰੂਰੀ ਘੱਟੋ-ਘੱਟ ਸ਼ੁੱਧ ਜਾਇਦਾਦ 320 ਮਿਲੀਅਨ ਡਾਲਰ ਹੈ, ਜੋ ਪਿਛਲੇ ਸਾਲ 260 ਮਿਲੀਅਨ ਡਾਲਰ ਤੋਂ ਜ਼ਿਆਦਾ ਹੈ। ਡਾਇਨ ਹੇਂਡਰਿਕਸ ਦੇਸ਼ ਦੇ ਸਭ ਤੋਂ ਵੱਡੇ ਛੱਤ ਡਿਸਟ੍ਰੀਬਿਊਟਰ ਏ. ਬੀ. ਸੀ. ਸਪਲਾਈ ਦੀ ਸਹਿ-ਸੰਸਥਾਪਕ ਅਤੇ ਪ੍ਰਧਾਨ 4.9 ਬਿਲੀਅਨ ਡਾਲਰ ਦੀ ਸ਼ੁੱਧ ਜਾਇਦਾਦ ਦੇ ਨਾਲ ਮੁੜ ਸਿਖਰਲੇ ਸਥਾਨ 'ਤੇ ਹੈ। 4.3 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਮੇਰਿਅਨ ਇਲਿਚ ਦੂਜੇ ਸਥਾਨ 'ਤੇ ਹੈ। 
ਭਾਰਤੀ ਮੂਲ ਦੀ ਤਕਨੀਕੀ ਕਾਰਜਕਾਰੀ ਜੈਸ਼ਰੀ ਉੱਲਾਲ ਅਤੇ ਨੀਰਜਾ ਸੇਠੀ ਨੇ ਇਸ ਸੂਚੀ 'ਚ ਆਪਣੀ ਜਗ੍ਹਾ ਬਣਾਈ ਹੈ। 21 ਸਾਲਾ ਟੀ. ਵੀ. ਕਲਾਕਾਰ ਅਤੇ ਉੱਦਮੀ ਕਾਇਲੀ ਜੇਨਰ ਵੀ ਤਾਕਤਵਰ ਔਰਤਾਂ ਦੀ ਸੂਚੀ 'ਚ ਸ਼ਾਮਲ ਹੈ। ਜੈਸ਼ਰੀ 1.3 ਅਰਬ ਡਾਲਰ ਦੇ ਨਾਲ 18ਵੇਂ ਸਥਾਨ 'ਤੇ, ਜਦੋਂ ਕਿ ਨੀਰਜਾ 1 ਅਰਬ ਡਾਲਰ ਦੀ ਨੈੱਟਵਰਥ ਦੇ ਨਾਲ 21ਵੇਂ ਸਥਾਨ 'ਤੇ ਰਹੀ।    
ਲੰਡਨ 'ਚ ਜਨਮੀ ਅਤੇ ਭਾਰਤ 'ਚ ਪਲੀ 57 ਸਾਲਾ ਜੈਸ਼ਰੀ ਕੰਪਿਊਟਰ ਨੈੱਟਵਰਕਿੰਗ ਕੰਪਨੀ ਏਰਿਸਤਾ ਨੈੱਟਵਰਕ ਦੀ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਬਣੀ। ਇਸ ਕੰਪਨੀ ਦੀ ਕਮਾਈ 2017 'ਚ 1.6 ਅਰਬ ਡਾਲਰ ਰਹੀ। ਉਥੇ ਹੀ 63 ਸਾਲਾ ਨੀਰਜਾ ਆਈ. ਟੀ. ਸਲਾਹਕਾਰ ਅਤੇ ਆਊਟਸੋਰਸਿੰਗ ਕੰਪਨੀ ਸਿਨਟੈੱਲ ਦੀ ਉਪ ਪ੍ਰਧਾਨ ਹੈ। ਉਨ੍ਹਾਂ ਇਹ ਕੰਪਨੀ ਆਪਣੇ ਪਤੀ ਭਾਰਤ ਦੇਸਾਈ ਨਾਲ ਮਿਲ ਕੇ 1980 'ਚ ਬਣਾਈ। ਸਿਰਫ 2,000 ਡਾਲਰ ਨਾਲ ਸ਼ੁਰੂ ਕੀਤੀ ਗਈ ਇਸ ਕੰਪਨੀ ਦੀ ਕਮਾਈ 2017 'ਚ 92.4 ਕਰੋੜ ਡਾਲਰ ਰਹੀ।  ਸਭ ਤੋਂ ਘੱਟ ਉਮਰ ਦੀ ਕਾਇਲੀ ਕਿਮ ਕਾਰਦਾਸ਼ੀਆਂ ਵੇਸਟ ਦੀ ਮਤ੍ਰੇਈ ਭੈਣ ਹੈ। ਉਹ ਪਹਿਲੀ ਵਾਰ ਸੂਚੀ 'ਚ ਸ਼ਾਮਲ ਹੋਈ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ 11 ਕਰੋੜ ਹੈ। 3 ਸਾਲ 'ਚ ਹੀ 'ਕਾਸਮੈਟਿਕ' ਖੇਤਰ 'ਚ ਉਸ ਨੇ ਕਾਫ਼ੀ ਨਾਮ ਕਮਾਇਆ ਅਤੇ ਨੈੱਟਵਰਥ 90 ਕਰੋੜ ਡਾਲਰ 'ਤੇ ਪਹੁੰਚ ਗਈ।