ਸਿਡਨੀ 'ਚ ਲਾਪਤਾ ਹੋਈਆਂ ਦੋ ਕੁੜੀਆਂ, ਚਿੰਤਾ 'ਚ ਮਾਪੇ

04/12/2018 11:48:18 AM

ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਦੋ ਕੁੜੀਆਂ ਲਾਪਤਾ ਹੋ ਗਈਆਂ ਹਨ। ਪੁਲਸ ਨੇ ਉਨ੍ਹਾਂ ਦੀ ਭਾਲ ਲਈ ਮਦਦ ਦੀ ਅਪੀਲ ਕੀਤੀ ਹੈ। ਸਿਡਨੀ ਦੇ ਲੈਕਬਾ ਦੀ ਰਹਿਣ ਵਾਲੀ 12 ਸਾਲਾ ਔਡਰਰੀਹਾ ਅਤੇ ਆਸਟ੍ਰੇਲੀਆ ਦੇ ਸ਼ਹਿਰ ਬੁਰਵੁੱਡ ਦੀ ਰਹਿਣ ਵਾਲੀ 13 ਸਾਲਾ ਪੂਰਨਿਮਾ ਸ਼ਰੇਸ਼ਠਾ ਨੂੰ ਆਖਰੀ ਵਾਰ ਸਿਡਨੀ ਦੇ ਰੈਡਫੇਰਨ ਟਰੇਨ ਸਟੇਸ਼ਨ 'ਤੇ ਬੁੱਧਵਾਰ ਭਾਵ ਕੱਲ 3.00 ਵਜੇ ਦੇ ਕਰੀਬ ਦੇਖਿਆ ਗਿਆ ਸੀ। ਦੋਵੇਂ ਕੁੜੀਆਂ ਘਰ ਵਾਪਸ ਨਹੀਂ ਪਰਤੀਆਂ, ਜਿਸ ਤੋਂ ਬਾਅਦ ਉਨ੍ਹਾਂ ਦੇ ਮਾਪੇ ਚਿੰਤਾ 'ਚ ਹਨ। ਦੋਹਾਂ ਦੇ ਮਾਪਿਆਂ ਨੇ ਉਨ੍ਹਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।
ਔਡਰਰੀਹਾ ਦੀ ਪਛਾਣ ਦੱਸਦੇ ਹੋਏ ਪੁਲਸ ਨੇ ਕਿਹਾ ਕਿ ਉਹ ਭਾਰਤੀ ਦਿੱਸਦੀ ਹੈ। ਉਹ 150 ਸੈਂਟੀਮੀਟਰ ਲੰਬੀ ਅਤੇ ਪਤਲੀ ਹੈ। ਉਸ ਦਾ ਰੰਗ ਸਾਂਵਲਾ ਅਤੇ ਵਾਲ ਕਾਲੇ ਹਨ। ਓਧਰ ਪੂਰਮਿਨਾ ਬਾਰੇ ਦੱਸਦੇ ਹੋਏ ਪੁਲਸ ਨੇ ਕਿਹਾ ਕਿ ਉਹ ਏਸ਼ੀਅਨ ਮੂਲ ਦੀ ਲੱਗਦੀ ਹੈ। ਉਸ ਦਾ ਰੰਗ ਸਾਫ ਹੈ ਅਤੇ ਉਹ 140 ਸੈਂਟੀਮੀਟਰ ਲੰਬੀ ਅਤੇ ਪਤਲੀ ਹੈ। ਜਦੋਂ ਉਸ ਨੂੰ ਆਖਰੀ ਵਾਰ ਦੇਖਿਆ ਗਿਆ ਸੀ ਤਾਂ ਉਸ ਨੇ ਸਫੈਦ ਟੌਪ, ਨੀਲੇ ਰੰਗ ਦੀ ਪੈਂਟ, ਕਾਲੇ ਬੂਟ ਪਹਿਨੇ ਹੋਏ ਸਨ। ਪੁਲਸ ਦਾ ਕਹਿਣਾ ਹੈ ਕਿ ਜਿਸ ਕਿਸੇ ਨੂੰ ਵੀ ਦੋਹਾਂ ਕੁੜੀਆਂ ਬਾਰੇ ਕੋਈ ਜਾਣਕਾਰੀ ਮਿਲੇ, ਤਾਂ ਉਹ ਸਾਡੇ ਨਾਲ ਸੰਪਰਕ ਕਰਨ।