ਟਰਨਬੁੱਲ ਨੇ ਟਰੰਪ ਨੂੰ ''ਗਨ ਕੰਟਰੋਲ'' ''ਤੇ ਸਲਾਹ ਦੇਣ ਤੋਂ ਕੀਤਾ ਇਨਕਾਰ

02/24/2018 3:42:07 PM

ਵਾਸ਼ਿੰਗਟਨ/ਮੈਲਬੌਰਨ(ਬਿਊਰੋ)— ਅਮਰੀਕਾ ਦੇ ਸਕੂਲ ਵਿਚ ਹੋਈ ਗੋਲੀਬਾਰੀ ਦੀ ਘਟਨਾ ਨਾਲ ਅਮਰੀਕਾ ਅਜੇ ਤੱਕ ਸਦਮੇ ਵਿਚ ਹੈ। ਇਸ ਹਾਦਸੇ ਨੇ ਵਿਰੋਧ ਦੀ ਤਰ੍ਹਾਂ ਨਵੀਂ ਆਵਾਜ਼ ਖੜ੍ਹੀ ਕਰ ਦਿੱਤੀ ਹੈ। ਵਿਦਿਆਰਥੀਆਂ ਨੇ 'ਗਨ ਕੰਟਰੋਲ' 'ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਅਮਰੀਕਾ ਵਿਚ ਨਾਗਰਿਕਾਂ 'ਤੇ ਬੰਦੂਕ ਰੱਖਣ ਦੇ ਨਿਯਮਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਥੇ ਹੀ ਆਸਟ੍ਰੇਲੀਆਈ ਪੀ. ਐਮ ਮੈਲਕਮ ਟਰਨਬੁੱਲ ਨੇ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਵਿਚ ਟਰੰਪ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਉਹ ਇਸ ਮੁੱਦੇ 'ਤੇ ਅਮਰੀਕਾ ਨੂੰ ਕੋਈ ਵੀ ਸਲਾਹ ਨਹੀਂ ਦੇ ਰਹੇ ਹਨ।
ਦੱਸਣਯੋਗ ਹੈ ਕਿ ਹਾਲ ਹੀ ਵਿਚ ਆਸਟ੍ਰੇਲੀਆ ਵਿਚ ਗਨ ਨਾਲ ਹੋਣ ਵਾਲੀਆਂ ਘਟਨਾਵਾਂ ਵਿਚ ਕਮੀ ਆਈ ਹੈ। ਆਸਟ੍ਰੇਲੀਆ ਵਿਚ ਦੁਨੀਆ ਦੇ ਸਭ ਤੋਂ ਔਖੇ 'ਗਨ ਕੰਟਰੋਲ' ਕਾਨੂੰਨ ਹਨ। ਇਨ੍ਹਾਂ ਨਿਯਮਾਂ ਨੂੰ ਸਭ ਤੋਂ ਵੱਡੀ ਸਮੂਹਕ ਹੱਤਿਆ ਤੋਂ ਬਾਅਦ ਲਾਗੂ ਕੀਤਾ ਗਿਆ ਸੀ। ਜਦੋਂ ਇਕ ਬੰਦੂਕਧਾਰੀ ਨੇ 1996 ਵਿਚ ਤਸਮਾਨੀਆ ਟਾਪੂ ਰਾਜ ਵਿਚ ਪੋਰਟ ਆਰਥਰ ਵਿਚ 35 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਵੱਡੇ ਪੈਮਾਨੇ 'ਤੇ ਕੋਈ ਹੱਤਿਆ ਨਹੀਂ ਹੋਈ।
ਦੱਸਣਯੋਗ ਹੈ ਕਿ ਸੰਯੁਕਤ ਰਾਜ ਅਮਰੀਕਾ ਵਿਚ ਗਨ ਕੰਟਰੋਲ ਦਾ ਮੁੱਦਾ 14 ਫਰਵਰੀ ਨੂੰ ਨਵੇਂ ਸਿਰੇ ਤੋਂ ਬਹਿਸ ਦਾ ਕੇਂਦਰ ਬਣ ਗਿਆ। ਜਦੋਂ ਇਕ ਸਾਬਕਾ ਵਿਦਿਆਰਥੀ ਨੇ ਫਲੋਰੀਡਾ ਦੇ ਇਕ ਸਕੂਲ ਵਿਚ 17 ਲੋਕਾਂ ਦੀ ਸੈਮੀ-ਆਟੋਮੈਟਿਕ ਏਆਰ-15 ਰਾਈਫਲ ਨਾਲ ਹੱਤਿਆ ਕਰ ਦਿੱਤੀ ਸੀ। ਦੋਸ਼ੀ ਨੇ ਇਸ ਰਾਈਫਲ ਨੂੰ ਕਾਨੂੰਨੀ ਤੌਰ 'ਤੇ ਖਰੀਦਿਆ ਸੀ। ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਨੇ ਸਾਰੀਆਂ ਸੈਮੀ-ਆਟੋਮੈਟਿਕ ਰਾਈਫਲਾਂ ਅਤੇ ਪੰਪ-ਐਕਸ਼ਨ ਸ਼ੋਟਗਨਸ 'ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਲਾਈਸੈਂਸਿੰਗ ਤੇ ਮਲਕੀਅਤ ਕੰਟਰੋਲ ਦੀ ਇਕ ਪ੍ਰਤੀਬੰਧਿਤ ਪ੍ਰਣਾਲੀ ਹੈ।
ਅਮਰੀਕਾ ਦੇ ਫਲੋਰੀਡਾ ਵਿਚ ਪਿਛਲੇ ਦਿਨੀਂ ਹੋਈ ਗੋਲੀਬਾਰੀ ਤੋਂ ਬਾਅਦ ਉਠ ਰਹੀ ਗਨ ਕੰਟਰੋਲ ਦੀਆਂ ਮੰਗਾਂ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਕੂਲ ਵਿਚ ਅਧਿਆਪਕਾਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਦੇਣ ਅਤੇ ਉਨ੍ਹਾਂ ਨੂੰ ਹਥਿਆਰ ਰੱਖਣ ਦਾ ਸੁਝਾਅ ਦਿੱਤਾ। ਹਾਲਾਂਕਿ ਉਨ੍ਹਾਂ ਨੇ ਬੰਦੂਕਾਂ ਰੱਖਣ ਵਾਲਿਆਂ ਦੀ ਪਿੱਠਭੂਮੀ ਦੀ ਸਖਤ ਜਾਂਚ ਕਰਨ ਦੀ ਗੱਲ ਵੀ ਕਹੀ। ਉਨ੍ਹਾਂ ਨੇ ਇਸ ਦੌਰਾਨ 'ਗਨ ਫ੍ਰੀ ਜੋਨ' ਨੂੰ ਲੈ ਕੇ ਵੀ ਸਵਾਲ ਕੀਤੇ।