ਤੁਰਕੀ ਨੇ ਖਸ਼ੋਗੀ ਦੇ ਕਤਲ ਦੇ ਦੋਸ਼ੀ ਸਾਊਦੀ ਅਰਬ ਵਿਰੁੱਧ ਮੁਕੱਦਮਾ ਕੀਤਾ ਮੁਅੱਤਲ

04/07/2022 4:01:43 PM

ਇਸਤਾਂਬੁਲ (ਏਜੰਸੀ): ਤੁਰਕੀ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਵਾਸ਼ਿੰਗਟਨ ਪੋਸਟ ਦੇ ਕਾਲਮਨਵੀਸ ਜਮਾਲ ਖਸ਼ੋਗੀ ਦੇ ਬੇਰਹਿਮੀ ਨਾਲ ਕਤਲ ਦੇ ਦੋਸ਼ੀ 26 ਸਾਊਦੀ ਨਾਗਰਿਕਾਂ ਦੀ ਗੈਰ-ਮੌਜੂਦਗੀ ਵਿੱਚ ਮੁਕੱਦਮੇ ਦੀ ਸੁਣਵਾਈ ਨੂੰ ਮੁਅੱਤਲ ਕਰ ਦਿੱਤਾ ਅਤੇ ਕੇਸ ਨੂੰ ਸਾਊਦੀ ਅਰਬ ਨੂੰ ਟਰਾਂਸਫਰ ਕਰ ਦਿੱਤਾ। ਇਹ ਫ਼ੈਸਲਾ ਮਨੁੱਖੀ ਅਧਿਕਾਰ ਸਮੂਹਾਂ ਦੇ ਖਦਸ਼ਿਆਂ ਦੇ ਬਾਵਜੂਦ ਆਇਆ ਹੈ। ਮਨੁੱਖੀ ਅਧਿਕਾਰ ਸਮੂਹਾਂ ਨੇ ਚੇਤਾਵਨੀ ਦਿੱਤੀ ਸੀ ਕਿ ਕੇਸ ਨੂੰ ਸਾਊਦੀ ਅਰਬ ਵਿੱਚ ਟਰਾਂਸਫਰ ਕਰਨ ਨਾਲ ਕਤਲ ਦਾ ਮਾਮਲਾ ਹੱਲ ਨਹੀਂ ਹੋ ਸਕੇਗਾ ਕਿਉਂਕਿ ਇਸ ਕਤਲ ਪਿੱਛੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦਾ ਹੱਥ ਹੋਣ ਦਾ ਸ਼ੱਕ ਹੈ। 

ਇਹ ਘਟਨਾਕ੍ਰਮ ਅਜਿਹੇ ਸਮੇਂ 'ਚ ਹੋਇਆ ਹੈ, ਜਦੋਂ ਖਸ਼ੋਗੀ ਦੇ ਕਤਲ ਦੇ ਬਾਅਦ ਸਬੰਧਾਂ 'ਚ ਗਿਰਾਵਟ ਤੋਂ ਬਾਅਦ ਤੁਰਕੀ ਸਾਊਦੀ ਅਰਬ ਨਾਲ ਆਪਣੇ ਸਬੰਧਾਂ ਨੂੰ ਸਧਾਰਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਿਆਦ ਨੇ ਤੁਰਕੀ ਨਾਲ ਸਬੰਧ ਸੁਧਾਰਨ ਲਈ ਸਾਊਦੀ ਅਰਬ ਦੇ ਲੋਕਾਂ ਖ਼ਿਲਾਫ਼ ਕੇਸ ਵਾਪਸ ਲੈਣ ਦੀ ਸ਼ਰਤ ਰੱਖੀ ਹੈ। ਪਿਛਲੇ ਹਫ਼ਤੇ ਕੇਸ ਦੇ ਸਰਕਾਰੀ ਵਕੀਲ ਨੇ ਮੁਕੱਦਮੇ ਨੂੰ ਸਾਊਦੀ ਅਰਬ ਨੂੰ ਟਰਾਂਸਫਰ ਕਰਨ ਦੀ ਸਿਫ਼ਾਰਸ਼ ਕਰਦਿਆਂ ਦਲੀਲ ਦਿੱਤੀ ਕਿ ਤੁਰਕੀ ਵਿੱਚ ਮੁਕੱਦਮੇ ਦਾ ਫ਼ੈਸਲਾ ਨਹੀਂ ਹੋ ਪਾਏਗਾ। ਤੁਰਕੀ ਦੇ ਨਿਆਂ ਮੰਤਰੀ ਨੇ ਸਿਫ਼ਾਰਸ਼ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਜੇਕਰ ਤੁਰਕੀ ਦੀ ਅਦਾਲਤ ਸਾਊਦੀ ਅਰਬ ਵਿੱਚ ਮੁਕੱਦਮੇ ਦੇ ਨਤੀਜੇ ਤੋਂ ਸੰਤੁਸ਼ਟ ਨਹੀਂ ਹੁੰਦੀ ਤਾਂ ਤੁਰਕੀ ਵਿੱਚ ਮੁਕੱਦਮੇ ਦੀ ਸੁਣਵਾਈ ਮੁੜ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕੀ ਸਾਊਦੀ ਅਰਬ ਨਵਾਂ ਟ੍ਰਾਇਲ ਸ਼ੁਰੂ ਕਰੇਗਾ ਜਾਂ ਨਹੀਂ। 

ਪੜ੍ਹੋ ਇਹ ਅਹਿਮ ਖ਼ਬਰ- ਵਿਸਾਖੀ ਮੌਕੇ ਪਾਕਿਸਤਾਨ ਨੇ ਭਾਰਤ ਦੇ ਸਿੱਖ ਸ਼ਰਧਾਲੂਆਂ ਨੂੰ ਜਾਰੀ ਕੀਤੇ 2200 ਵੀਜ਼ੇ 

ਮਨੁੱਖੀ ਅਧਿਕਾਰਾਂ ਦੇ ਵਕੀਲਾਂ ਨੇ ਤੁਰਕੀ ਨੂੰ ਇਸ ਕੇਸ ਨੂੰ ਸਾਊਦੀ ਅਰਬ ਨੂੰ ਟਰਾਂਸਫਰ ਨਾ ਕਰਨ ਦੀ ਅਪੀਲ ਕੀਤੀ ਸੀ। ਐਮਨੈਸਟੀ ਇੰਟਰਨੈਸ਼ਨਲ ਦੇ ਸਕੱਤਰ-ਜਨਰਲ ਅਗਨਿਸ ਕੈਲਾਮਾਰਡ ਨੇ ਕਿਹਾ ਕਿ ਤੁਰਕੀ ਜਾਣਬੁੱਝ ਕੇ ਕਤਲ ਦੇ ਮਾਮਲੇ ਨੂੰ ਆਪਣੇ ਖੇਤਰ ਵਿੱਚ ਟਰਾਂਸਫਰ ਕਰ ਕੇ ਇਸ ਨੂੰ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਵਾਪਸ ਭੇਜ ਰਿਹਾ ਹੈ ਜੋ ਇਸ ਲਈ ਜ਼ਿੰਮੇਵਾਰ ਹਨ। ਨਿਸ਼ਚਿਤ ਤੌਰ 'ਤੇ ਸਾਊਦੀ ਅਰਬ ਨੇ ਤੁਰਕੀ ਦੇ ਸਰਕਾਰੀ ਵਕੀਲ ਨਾਲ ਸਹਿਯੋਗ ਕਰਨ ਤੋਂ ਵਾਰ-ਵਾਰ ਇਨਕਾਰ ਕੀਤਾ ਹੈ ਅਤੇ ਇਹ ਸਪੱਸ਼ਟ ਹੈ ਕਿ ਸਾਊਦੀ ਅਰਬ ਦੀ ਅਦਾਲਤ ਦੁਆਰਾ ਨਿਆਂ ਨਹੀਂ ਕੀਤਾ ਜਾ ਸਕਦਾ ਹੈ। ਨਿਊਯਾਰਕ ਸਥਿਤ ਮਨੁੱਖੀ ਅਧਿਕਾਰਾਂ ਦੇ ਨਿਗਰਾਨ ਸਮੂਹ ਨੇ ਕਿਹਾ ਕਿ ਖਸ਼ੋਗੀ ਦੇ ਕੇਸ ਲਈ ਸਾਊਦੀ ਅਰਬ ਵਿਚ ਨਿਆਂਇਕ ਸੁਤੰਤਰਤਾ ਦੀ ਕਮੀ ਨੂੰ ਦੇਖਦੇ ਹੋਏ, ਖਸ਼ੋਗੀ ਦੇ ਕਤਲ ਵਿੱਚ ਸਾਊਦੀ ਅਰਬ ਦੀ ਭੂਮਿਕਾ, ਨਿਆਂ ਵਿੱਚ ਰੁਕਾਵਟ ਪਾਉਣ ਦੀਆਂ ਇਸ ਦੀਆਂ ਪਹਿਲਾਂ ਦੀਆਂ ਕੋਸ਼ਿਸ਼ਾਂ ਅਤੇ ਇੱਕ ਅਪਰਾਧਿਕ ਨਿਆਂ ਪ੍ਰਣਾਲੀ ਜੋ ਨਿਰਪੱਖਤਾ ਦੇ ਬੁਨਿਆਦੀ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ, ਉਸ ਨਾਲ ਨਿਰਪੱਖ ਮੁਕੱਦਮੇ ਦੀ ਬਹੁਤ ਘੱਟ ਉਮੀਦ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਸਾਵਧਾਨ! ਪਹਿਲੀ ਵਾਰ ਜਿਉਂਦੇ ਇਨਸਾਨ ਦੇ ਫੇਫੜਿਆਂ 'ਚ ਮਿਲਿਆ 'ਪਲਾਸਟਿਕ'

ਅਮਰੀਕੀ ਵਸਨੀਕ ਖਸ਼ੋਗੀ 2 ਅਕਤੂਬਰ, 2018 ਨੂੰ ਇਸਤਾਂਬੁਲ ਵਿੱਚ ਸਾਊਦੀ ਅਰਬ ਦੇ ਵਣਜ ਦੂਤਘਰ ਵਿੱਚ ਦਾਖਲ ਹੋਣ ਤੋਂ ਬਾਅਦ ਲਾਪਤਾ ਹੋ ਗਏ ਸਨ। ਖਸ਼ੋਗੀ ਨੂੰ ਅਜਿਹੇ ਦਸਤਾਵੇਜ਼ਾਂ ਦੀ ਲੋੜ ਸੀ ਜੋ ਉਸ ਨੂੰ ਤੁਰਕੀ ਦੀ ਨਾਗਰਿਕ ਹੇਟਿਸ ਸੇਂਗਿਜ ਨਾਲ ਵਿਆਹ ਕਰਨ ਦੀ ਇਜਾਜ਼ਤ ਦਿੰਦੇ। ਤੁਰਕੀ ਦੇ ਅਧਿਕਾਰੀਆਂ ਨੇ ਦੋਸ਼ ਲਾਇਆ ਹੈ ਕਿ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਦੇ ਆਲੋਚਕ ਖਸ਼ੋਗੀ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਨੂੰ ਕੱਟ ਦਿੱਤਾ ਗਿਆ। ਉਸ ਨੇ ਦੋਸ਼ ਲਾਇਆ ਕਿ ਇਸ ਕਤਲ ਨੂੰ ਅੰਜਾਮ ਦੇਣ ਲਈ ਸਾਊਦੀ ਅਰਬ ਦੇ ਏਜੰਟਾਂ ਦੀ ਟੀਮ ਨੂੰ ਇਸਤਾਂਬੁਲ ਭੇਜਿਆ ਗਿਆ ਸੀ। ਸਮੂਹ ਵਿੱਚ ਇੱਕ ਫੋਰੈਂਸਿਕ ਡਾਕਟਰ, ਖੁਫੀਆ ਅਤੇ ਸੁਰੱਖਿਆ ਅਧਿਕਾਰੀ ਅਤੇ ਰਾਜਕੁਮਾਰ ਦੇ ਦਫਤਰ ਲਈ ਕੰਮ ਕਰਨ ਵਾਲੇ ਲੋਕ ਸ਼ਾਮਲ ਸਨ। ਖਸ਼ੋਗੀ ਦੀ ਲਾਸ਼ ਬਰਾਮਦ ਨਹੀਂ ਹੋਈ।

Vandana

This news is Content Editor Vandana