ਤੁਰਕੀ ਨੇ ਬਗਦਾਦੀ ਦੀ ਭੈਣ ਨੂੰ ਕੀਤਾ ਗ੍ਰਿਫਤਾਰ

11/05/2019 6:55:06 PM

ਇਸਤਾਨਬੁੱਲ— ਤੁਰਕੀ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਉੱਤਰੀ ਸੀਰੀਆ 'ਚ ਤੁਰਕੀ ਦੀ ਫੌਜ ਨੇ ਇਸਲਾਮਿਕ ਸਟੇਟ ਦੇ ਨੇਤਾ ਅਬੂ ਬਕਰ ਅਲ ਬਗਦਾਦੀ ਦੀ ਇਕ ਭੈਣ ਨੂੰ ਹਿਰਾਸਤ 'ਚ ਲਿਆ ਹੈ। ਬਗਦਾਦੀ ਪਿਛਲੇ ਦਿਨੀਂ ਅਮਰੀਕੀ ਕਾਰਵਾਈ 'ਚ ਮਾਰਿਆ ਗਿਆ ਸੀ।

ਅਧਿਕਾਰੀ ਨੇ ਨਾਂ ਜ਼ਾਹਿਰ ਨਾ ਹੋਣ ਦੀ ਸ਼ਰਤ 'ਤੇ ਦੱਸਿਆ ਕਿ ਤੁਰਕੀ ਨੇ ਐਜਾਜ਼ ਸ਼ਹਿਰ ਦੇ ਕੋਲ ਇਕ ਮੁਹਿੰਮ 'ਚ ਬਗਦਾਦੀ ਦੀ ਭੈਣ ਨੂੰ ਫੜ੍ਹ ਲਿਆ। ਉਨ੍ਹਾਂ ਨੇ ਮਹਿਲਾ ਦਾ ਨਾਂ ਰਸਮੀਆ ਅਵਾਦ ਦੱਸਿਆ ਤੇ ਕਿਹਾ ਕਿ 1954 'ਚ ਪੈਦਾ ਹੋਈ ਇਸ ਮਹਿਲਾ ਦੇ ਨਾਲ ਉਸ ਦਾ ਪਤੀ, ਉਸ ਦੀ ਨੂੰਹ ਤੇ ਚਾਰ ਬੱਚੇ ਵੀ ਸਨ। ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਬਾਲਗਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਗ੍ਰਿਫਤਾਰੀ ਤੋਂ ਸਾਨੂੰ ਬਹੁਤ ਮਦਦ ਮਿਲ ਸਕਦੀ ਹੈ। ਉਸ ਸੰਗਠਨ ਦੇ ਬਾਰੇ 'ਚ ਸਾਨੂੰ ਜਾਣਕਾਰੀ ਮਿਲ ਸਕਦੀ ਹੈ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਵੀ ਇਨ੍ਹਾਂ ਗ੍ਰਿਫਤਾਰੀਆਂ ਦੀ ਪੁਸ਼ਟੀ ਕੀਤੀ ਹੈ। ਸੰਗਠਨ ਨੇ ਕਿਹਾ ਕਿ ਬਗਦਾਦੀ ਦੀ ਭੈਣ ਤੇ ਉਸ ਦੇ ਪਰਿਵਾਰ ਨੂੰ ਬੀਤੀ ਰਾਤ ਕੈਂਪ 'ਚੋਂ ਗ੍ਰਿਫਤਾਰ ਕੀਤਾ ਗਿਆ। ਤੁਰਕੀ ਦੇ ਫੌਜੀਆਂ ਨੇ ਚਾਰ ਇਰਾਕੀ ਨਾਗਰਿਕਾਂ ਨੂੰ ਵੀ ਹਿਰਾਸਤ 'ਚ ਲਿਆ ਹੈ। ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਲੋਕ ਇਸਲਾਮਿਕ ਸਟੇਟ ਨਾਲ ਜੁੜੇ ਸਨ ਜਾਂ ਨਹੀਂ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 27 ਅਕਤੂਬਰ ਨੂੰ ਐਲਾਨ ਕੀਤਾ ਸੀ ਕਿ ਬਗਦਾਦੀ ਸੀਰੀਆ ਦੇ ਉੱਤਰ-ਪੱਛਮੀ ਸੂਬੇ ਇਦਲਿਬ 'ਚ ਅਮਰੀਕੀ ਸੁਰੱਖਿਆ ਬਲਾਂ ਦੀ ਕਾਰਵਾਈ 'ਚ ਮਾਰਿਆ ਗਿਆ। ਇਹ ਕਾਰਵਾਈ ਕੁਰਦ ਲੜਾਕਿਆਂ ਦੇ ਨਾਲ ਕੀਤੀ ਗਈ ਸੀ। ਬਗਦਾਦੀ 2014 ਤੋਂ ਆਈ.ਐੱਸ. ਦੀ ਅਗਵਾਈ ਕਰ ਰਿਹਾ ਸੀ ਤੇ ਉਹ ਦੁਨੀਆ ਦਾ ਮੋਸਟ ਵਾਂਟੇਡ ਵਿਅਕਤੀ ਸੀ।

Baljit Singh

This news is Content Editor Baljit Singh