ਕੋਵਿਡ-19: ਅਮਰੀਕਾ ਦੇ ਵੱਡੇ ਸ਼ਹਿਰਾਂ ''ਚ ਆਵਾਜਾਈ ਠੱਪ, ਟਰੰਪ ਬੋਲੇ- ''ਜਿੱਤ ਰਹੇ ਹਾਂ ਜੰਗ''

03/21/2020 3:21:23 PM

ਨਿਊਯਾਰਕ- ਅਮਰੀਕਾ ਵਿਚ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਕੈਲੀਫੋਰਨੀਆ ਤੋਂ ਬਾਅਦ ਨਿਊਯਾਰਕ ਤੇ ਇਲੀਨਾਏ ਵਿਚ ਵੀ ਲੋਕਾਂ ਦੀ ਆਵਾਜਾਈ ਅਤੇ ਗਤੀਵਿਧੀਆਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦੇਸ਼ ਵਿਚ ਕੋਰੋਨਾਵਾਇਰਸ ਲਗਾਤਾਰ ਤੇਜ਼ੀ ਨਾਲ ਫੈਲ ਰਿਹਾ ਹੈ ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮੰਨਣਾ ਹੈ ਕਿ ਉਹਨਾਂ ਦਾ ਦੇਸ਼ ਬੀਮਾਰੀ ਦੇ ਖਿਲਾਫ ਜੰਗ ਜਿੱਤ ਰਿਹਾ ਹੈ।

ਅਮਰੀਕਾ ਵਿਚ ਨਿਊਯਾਰਕ, ਲਾਸ ਏਂਜਲਸ ਤੇ ਸ਼ਿਕਾਗੋ ਜਿਹੇ ਵੱਡੇ ਸ਼ਹਿਰਾਂ ਤੇ ਨਿਊ ਜਰਸੀ, ਕਨੈਕਟਿਕਟ, ਪੈਨਸਲਵੇਨੀਆ ਤੇ ਨੇਵਾਡਾ ਜਿਹੇ ਸੂਬੇ ਬੰਦ ਹਨ। ਨਿਊਯਾਰਕ ਸੂਬੇ ਦੇ ਗਵਰਨਰ ਐਂਡ੍ਰਿਊ ਕੁਓਮੋ ਨੇ ਗੈਰ-ਜ਼ਰੂਰੀ ਕਾਰੋਬਾਰ ਬੰਦ ਕਰਨ ਤੇ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਾਉਣ ਦੇ ਹੁਕਮ ਦਿੱਤੇ ਹਨ। ਅਜੇ ਤੱਕ 7 ਸੂਬਿਆਂ ਵਿਚ ਪਾਬੰਦੀਆਂ ਲਾਈਆਂ ਗਈਆਂ ਹਨ। ਜਾਨ ਹਾਪਕਿਨਸ ਯੂਨੀਵਰਸਿਟੀ ਦੇ ਮੁਤਾਬਕ ਅਮਰੀਕਾ ਵਿਚ ਇਸ ਵਾਇਰਸ ਕਾਰਨ 249 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 19 ਹਜ਼ਾਰ ਤੋਂ ਵਧੇਰੇ ਲੋਕ ਇਸ ਨਾਲ ਇਨਫੈਕਟਡ ਹਨ। ਉਪ ਰਾਸ਼ਟਰਪਤੀ ਮਾਈਕ ਪੇਂਸ ਦੀ ਟੀਮ ਦਾ ਇਕ ਮੈਂਬਰ ਵੀ ਇਸ ਵਾਇਰਸ ਨਾਲ ਇਨਫੈਕਟਡ ਪਾਇਆ ਗਿਆ ਹੈ।

ਇਸ ਸਭ ਤੋਂ ਉਲਟ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਦੇ ਬਾਵਜੂਦ ਟਰੰਪ ਨੇ ਕਿਹਾ ਕਿ ਅਮਰੀਕਾ ਇਸ ਜੰਗ ਨੂੰ ਜਿੱਤ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮੱਧ-ਪੱਛਮੀ ਸੂਬਿਆਂ ਵਿਚ ਵਾਇਰਸ ਦੇ ਮਾਮਲੇ ਸਾਹਮਣੇ ਨਹੀਂ ਆ ਰਹੇ ਹਨ ਪਰ ਇਸ ਤੋਂ ਕੁਝ ਦੇਰ ਬਾਅਦ ਇਲੀਨਾਏ ਦੇ ਗਵਰਨਰ ਨੇ ਲੋਕਾਂ ਨੂੰ ਸ਼ਨੀਵਾਰ ਤੋਂ 7 ਅਪ੍ਰੈਲ ਤੱਕ ਘਰਾਂ ਵਿਚ ਹੀ ਰਹਿਣ ਲਈ ਕਿਹਾ ਹੈ। ਟਰੰਪ ਪ੍ਰਸ਼ਾਸਨ ਨੇ ਰਾਸ਼ਟਰੀ ਐਮਰਜੰਸੀ ਐਲਾਨ ਕੀਤੀ ਹੋਈ ਹੈ ਤੇ ਆਪਣੇ ਹਥਿਆਰਬੰਦ ਬਲਾਂ ਨੂੰ ਕੋਰੋਨਾਵਾਇਰਸ ਨਾਲ ਲੜਨ ਦੇ ਕੰਮ ਵਿਚ ਲਾ ਦਿੱਤਾ ਹੈ, ਜੋ ਹੁਣ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ।

Baljit Singh

This news is Content Editor Baljit Singh