ਵਾਸ਼ਿੰਗਟਨ ''ਚ ਟਰੰਪ ਸਮਰਥਕਾਂ ਦਾ ਪ੍ਰਦਰਸ਼ਨ ਹੋਇਆ ਹਿੰਸਕ, 20 ਗ੍ਰਿਫ਼ਤਾਰ

11/16/2020 1:41:04 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੋਣਾਂ ਵਿਚ ਮਿਲੀ ਹਾਰ ਦੇ ਬਾਅਦ ਉਨ੍ਹਾਂ ਵਲੋਂ ਚੋਣ ਪ੍ਰਕਿਰਿਆ 'ਤੇ ਧੋਖਾਧੜੀ ਦੇ ਇਲਜ਼ਾਮ ਲਗਾਏ ਗਏ ਹਨ ਅਤੇ ਟਰੰਪ ਸਮਰਥਕ ਪ੍ਰਦਰਸ਼ਨ ਕਰ ਰਹੇ ਹਨ। ਇਸ ਹੀ ਲੜੀ ਤਹਿਤ ਵਾਸ਼ਿੰਗਟਨ ਡੀ. ਸੀ. ਵਿਚ ਟਰੰਪ ਹਮਾਇਤੀਆਂ ਵਲੋਂ ਸ਼ਨੀਵਾਰ ਨੂੰ ਪ੍ਰਦਰਸ਼ਨ ਕੀਤਾ ਗਿਆ। 

ਦਿਨ ਸਮੇਂ ਸ਼ਾਂਤਮਈ ਰਿਹਾ ਇਹ ਪ੍ਰਦਰਸ਼ਨ ਰਾਤ ਨੂੰ ਉਸ ਵੇਲੇ ਹਿੰਸਕ ਹੋ ਗਿਆ ਜਦ ਦੇਸ਼ ਦੀ ਰਾਜਧਾਨੀ ਵਿਚ ਟਰੰਪ ਦੇ ਪੱਖ ਪੂਰਨ ਵਾਲੇ ਪ੍ਰਦਰਸ਼ਨਕਾਰੀ ਵਿਰੋਧੀਆਂ ਨਾਲ ਭਿੜ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਕਈ ਦੋਸ਼ਾਂ ਵਿਚ ਘੱਟੋ-ਘੱਟ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿਚ ਹਥਿਆਰ ਵੀ ਸ਼ਾਮਲ ਹਨ। ਇਸ ਦੌਰਾਨ ਇਕ ਵਿਅਕਤੀ ਦੇ ਛੁਰਾ ਵੱਜਣ ਨਾਲ ਦੋ ਪੁਲਸ ਅਧਿਕਾਰੀ ਜ਼ਖਮੀ ਹੋ ਗਏ ਸਨ।

ਵਾਸ਼ਿੰਗਟਨ ਵਿਚ ਇਹ ਭੀੜ ਸ਼ਨੀਵਾਰ ਸਵੇਰੇ ਇਕੱਠੀ ਹੋਣ ਲੱਗੀ ਸੀ ਅਤੇ ਟਰੰਪ ਦੀ ਲਿਮੋਜ਼ਿਨ ਦੇ ਫਰੀਡਮ ਪਲਾਜ਼ਾ ਦੇ ਨੇੜੇ ਆਉਂਦੇ ਹੀ ਲੋਕਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਗਲੀ ਦੇ ਦੋਵੇਂ ਪਾਸੇ ਲਾਈਨਾਂ ਲਗਾ ਕੇ ਆਪਣਾ ਉਤਸ਼ਾਹ ਦਿਖਾਇਆ । ਪ੍ਰਦਰਸ਼ਨਕਾਰੀ ਟਰੰਪ ਦਾ ਸਾਥ ਦਿੰਦੇ ਹੋਏ ਵੋਟ ਗਿਣਤੀ ਵਿਰੁੱਧ ਰੋਸ ਪ੍ਰਗਟ ਕਰ ਰਹੇ ਸਨ। 

ਇਸ ਤੋਂ ਬਾਅਦ ਟਰੰਪ ਆਪਣੀ ਕਾਰ ਵਿਚ ਵਰਜੀਨੀਆਂ ਗੋਲਫ ਕਲੱਬ ਚਲੇ ਗਏ। ਰਾਤ ਨੂੰ ਇਸ ਮਾਰਚ ਦੇ ਤਣਾਅ ਪੂਰਨ ਹੋਣ ਤੋਂ ਪਹਿਲਾਂ ਟਰੰਪ ਦੇ ਸਮਰਥਕਾਂ ਦੇ ਛੋਟੇ ਸਮੂਹਾਂ ਨੇ ਵ੍ਹਾਈਟ ਹਾਊਸ ਦੇ ਇਕ ਬਲਾਕ ਦੇ ਨੇੜੇ ਬਲੈਕ ਲਿਵਜ਼ ਮੈਟਰ ਪਲਾਜ਼ਾ ਦੇ ਆਸ-ਪਾਸ ਦੇ ਖੇਤਰ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਜਿੱਥੇ ਪਹਿਲਾਂ ਹੀ ਕਈ ਟਰੰਪ ਵਿਰੋਧੀ ਪ੍ਰਦਰਸ਼ਨਕਾਰੀ ਇਕੱਠੇ ਹੋਏ ਸਨ। ਟਰੰਪ ਜੋ ਉਸ ਖੇਤਰ ਵਿਚ ਪਹੁੰਚੇ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕੀਤਾ ਗਿਆ ਜਿਸ ਨਾਲ ਕਿ ਇਹ ਕਾਰਵਾਈ ਹਿੰਸਕ ਹੋ ਗਈ। ਇਸ ਹਿੰਸਕ ਹੋਈ ਭੀੜ ਵਿਚ ਪੁਲਸ ਵਲੋਂ ਕਈ ਗ੍ਰਿਫ਼ਤਾਰ ਵੀ ਕੀਤੇ ਗਏ। ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡੇਨ ਨੂੰ ਚੋਣਾਂ ਦਾ ਜੇਤੂ ਘੋਸ਼ਿਤ ਕੀਤੇ ਜਾਣ ਤੋਂ ਇਕ ਹਫ਼ਤੇ ਬਾਅਦ, ਟਰੰਪ ਦੀ ਹਿਮਾਇਤ ਵਿਚ ਪ੍ਰਦਰਸ਼ਨ ਹੋਰ ਸ਼ਹਿਰਾਂ ਵਿਚ ਵੀ ਕੀਤੇ ਗਏ ਹਨ।
 

Lalita Mam

This news is Content Editor Lalita Mam