ਟਰੰਪ ਨੇ ਚੱਕਰਵਾਤੀ ਤੂਫਾਨ ''ਤੇ ਬੰਬ ਸੁੱਟਣ ਦੀ ਦਿੱਤੀ ਸਲਾਹ!

08/26/2019 11:15:53 AM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਲਾਹ ਦਿੱਤੀ ਹੈ ਕਿ ਦੇਸ਼ ਵੱਲ ਆ ਰਹੇ ਚੱਕਰਵਾਤ 'ਤੇ ਪ੍ਰਮਾਣੂ ਬੰਬ ਸੁੱਟ ਦਿੱਤੇ ਜਾਣ ਤਾਂਕਿ ਉਨ੍ਹਾਂ ਦੀ ਗਤੀ ਰੋਕੀ ਜਾ ਸਕੀ। ਐਕਸਯੋਸ ਨਾਂ ਦੀ ਇਕ ਸਮਾਚਾਰ ਵੈੱਬਸਾਈਟ ਨੇ ਐਤਵਾਰ ਨੂੰ ਇਹ ਖਬਰ ਦਿੱਤੀ। ਵੈੱਬਸਾਈਟ 'ਚ ਕਿਹਾ ਗਿਆ ਹੈ ਕਿ ਚੱਕਰਵਾਤ ਨੂੰ ਲੈ ਕੇ ਹੋਈ ਇਕ ਬੈਠਕ 'ਚ ਟਰੰਪ ਨੇ ਜਾਨਣਾ ਚਾਹਿਆ ਕਿ ਕੀ ਅਫਰੀਕਾ ਦੇ ਤਟ 'ਤੇ ਚੱਕਰਵਾਤ ਬਣਨ ਦੀ ਪ੍ਰਕਿਰਿਆ ਨੂੰ ਰੋਕਣ ਲਈ ਤੂਫਾਨ 'ਤੇ ਪ੍ਰਮਾਣੂ ਬੰਬ ਸੁੱਟਿਆ ਜਾ ਸਕਦਾ ਹੈ। ਸੂਤਰਾਂ ਮੁਤਾਬਕ ਬੈਠਕ 'ਚ ਸ਼ਾਮਲ ਹੋਏ ਮੈਂਬਰ ਇਹ ਕਹਿੰਦੇ ਹੋਏ ਨਿਕਲੇ,'ਅਸੀਂ ਇਸ ਦਾ ਕੀ ਕਰੀਏ?' ਵੈੱਬਸਾਈਟ 'ਚ ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਇਹ ਗੱਲਬਾਤ ਕਦੋਂ ਹੋਈ। 

ਦੱਸਿਆ ਜਾਂਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਇਸ ਤਰ੍ਹਾਂ ਦੀ ਟਿੱਪਣੀ ਪਹਿਲੀ ਵਾਰ ਨਹੀਂ ਕੀਤੀ। 2017 'ਚ ਟਰੰਪ ਨੇ ਆਪਣੇ ਇਕ ਉੱਚ ਅਧਿਕਾਰੀ ਕੋਲੋਂ ਪੁੱਛਿਆ ਸੀ ਕਿ ਕੀ ਚੱਕਰਵਾਤਾਂ ਦੇ ਆਉਣ ਤੋਂ ਪਹਿਲਾਂ ਹੀ ਉਨ੍ਹਾਂ 'ਤੇ ਪ੍ਰਮਾਣੂ ਬੰਬ ਸੁੱਟੇ ਜਾ ਸਕਦੇ ਹਨ। ਖਬਰ ਮੁਤਾਬਕ ਵ੍ਹਾਈਟ ਹਾਊਸ ਨੇ ਇਸ 'ਤੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਟਰੰਪ ਦਾ ਉਦੇਸ਼ ਬੁਰਾ ਨਹੀਂ ਹੈ। 

ਵੈੱਬਸਾਈਟ ਮੁਤਾਬਕ,'ਟਰੰਪ ਦਾ ਇਹ ਵਿਚਾਰ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ 1950 'ਚ ਰਾਸ਼ਟਰਪਤੀ ਡਵਾਈਟ ਆਈਜਨਹੋਵਰ ਦੇ ਕਾਰਜਕਾਲ 'ਚ ਇਕ ਸਰਕਾਰੀ ਵਿਗਿਆਨੀ ਨੇ ਇਹ ਸਲਾਹ ਦਿੱਤੀ ਸੀ। ਵਾਰ-ਵਾਰ ਉੱਠਣ ਵਾਲੇ ਇਸ ਵਿਚਾਰ 'ਤੇ ਵਿਗਿਆਨੀ ਪਹਿਲਾਂ ਵੀ ਅਸਹਿਮਤੀ ਪ੍ਰਗਟਾ ਚੁੱਕੇ ਹਨ। ਅਮਰੀਕਾ 'ਚ ਅਕਸਰ ਚੱਕਰਵਾਤ ਆਉਂਦੇ ਰਹਿੰਦੇ ਹਨ ਅਤੇ ਦੇਸ਼ ਨੂੰ ਕਾਫੀ ਨੁਕਸਾਨ ਪੁੱਜਦਾ ਹੈ।