ਡੋਨਾਲਡ ਟਰੰਪ ਨੇ ਲਗਾਇਆ 'ਭਾਰਤ ਅਤੇ ਅਮਰੀਕਾ ਸਭ ਤੋਂ ਚੰਗੇ ਦੋਸਤ' ਦਾ ਨਾਅਰਾ

09/16/2022 1:10:51 PM

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਵੰਬਰ ਵਿੱਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਪ੍ਰਭਾਵਸ਼ਾਲੀ ਭਾਰਤੀ-ਅਮਰੀਕੀ ਭਾਈਚਾਰੇ ਨੂੰ ਲੁਭਾਉਣ ਲਈ ਭਾਰਤ-ਅਮਰੀਕਾ ਦੋਸਤੀ ਬਾਰੇ ਹਿੰਦੀ ਵਿੱਚ ਤਿਆਰ ਕੀਤੇ ਗਏ ਨਾਅਰੇ ਦਾ ਅਭਿਆਸ ਕਰਦੇ ਨਜ਼ਰ ਆਏ। ਰਿਪਬਲਿਕਨ ਹਿੰਦੂ ਕੁਲੀਸ਼ਨ (ਆਰ.ਐੱਚ.ਸੀ.) ਵੱਲੋਂ ਜਾਰੀ ਵੀਡੀਓ 'ਚ ਟਰੰਪ 'ਭਾਰਤ ਅਤੇ ਅਮਰੀਕਾ ਸਭ ਤੋਂ ਚੰਗੇ ਦੋਸਤ' ਦੇ ਨਾਅਰੇ ਦਾ ਅਭਿਆਸ ਕਰਦੇ ਨਜ਼ਰ ਆ ਰਹੇ ਹਨ। 30 ਸਕਿੰਟ ਦੀ ਇਸ ਵੀਡੀਓ 'ਚ ਟਰੰਪ ਸ਼ਿਕਾਗੋ ਦੇ ਕਾਰੋਬਾਰੀ ਅਤੇ ਆਰ.ਐੱਸ.ਸੀ. ਮੈਂਬਰ ਸ਼ਲਭ ਕੁਮਾਰ ਨਾਲ ਬੈਠੇ ਨਜ਼ਰ ਆ ਰਹੇ ਹਨ। ਇਹ ਨਵਾਂ ਨਾਅਰਾ ਟਰੰਪ ਦੇ 2016 ਦੇ ਨਾਅਰੇ 'ਅਬਕੀ ਬਾਰ ਟਰੰਪ ਸਰਕਾਰ' ਤੋਂ ਪ੍ਰੇਰਿਤ ਹੈ। ਇਸ ਨਾਅਰੇ ਨੇ ਭਾਰਤੀ ਅਮਰੀਕੀਆਂ ਦਾ ਧਿਆਨ ਖਿੱਚਿਆ ਅਤੇ ਕਈ ਵੱਡੇ ਸੂਬਿਆਂ ਵਿੱਚ ਰਿਪਬਲਿਕਨ ਪਾਰਟੀ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਇਹ ਵੀ ਪੜ੍ਹੋ: ਜਿਸ ਨਾਲ ਵਾਰ-ਵਾਰ ਹੋਇਆ ਜਬਰ-ਜ਼ਿਨਾਹ, ਉਸੇ ਨੂੰ ਚੁਕਾਉਣੇ ਪੈਣਗੇ 1 ਕਰੋੜ ਰੁਪਏ!

'ਅਬਕੀ ਬਾਰ ਟਰੰਪ ਸਰਕਾਰ' ਅਤੇ 'ਭਾਰਤ ਅਤੇ ਅਮਰੀਕਾ ਸਭ ਤੋਂ ਚੰਗੇ ਦੋਸਤ' ਦੇ ਨਾਅਰੇ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੁਮਾਰ ਨੇ ਇਸ ਹਫ਼ਤੇ ਪੀਟੀਆਈ ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਨ੍ਹਾਂ ਨੇ ਅਤੇ ਆਰ.ਐੱਚ.ਸੀ. ਨੇ ਭਾਰਤੀ-ਅਮਰੀਕੀ ਸਮਰਥਨ ਹਾਸਲ ਕਰਨ ਲਈ ਭਾਰਤੀ ਮੀਡੀਆ ਵਿੱਚ ਸਾਬਕਾ ਰਾਸ਼ਟਰਪਤੀ ਦੇ ਨਵੇਂ ਨਾਅਰੇ ਦਾ ਪ੍ਰਚਾਰ ਦੀ ਯੋਜਨਾ ਬਣਾਈ ਹੈ। ਸਿਆਸੀ ਨਿਰੀਖਕ ਅਤੇ ਤਾਜ਼ਾ ਪੋਲ ਇਹ ਸੰਕੇਤ ਦਿੰਦੇ ਹਨ ਕਿ ਮੱਧਕਾਲੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਨੂੰ ਇੱਕ ਵਾਰ ਫਿਰ ਹਾਊਸ ਆਫ ਰਿਪ੍ਰਜ਼ੈਂਟੇਟਿਵ ਵਿੱਚ ਬਹੁਮਤ ਮਿਲ ਸਕਦਾ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ਤੋਂ 48 ਸਿੱਖ ਸ਼ਰਧਾਲੂਆਂ ਦਾ ਜਥਾ ਪੁੱਜਾ ਭਾਰਤ, ਵੱਖ-ਵੱਖ ਗੁਰਧਾਮਾਂ ਦੇ ਕਰੇਗਾ ਦਰਸ਼ਨ

ਕੁਮਾਰ ਨੇ ਕਿਹਾ, 'ਮੁੱਖ ਉਦੇਸ਼ ਸੈਨੇਟ ਵਿੱਚ ਪੰਜ (ਰਿਪਬਲਿਕਨ) ਉਮੀਦਵਾਰਾਂ ਲਈ ਭਾਰੀ ਸਮਰਥਨ ਹਾਸਲ ਕਰਨਾ ਹੈ, ਜਿੱਥੇ ਵੋਟਾਂ ਦਾ ਅੰਤਰ 50,000 ਤੋਂ ਵੀ ਘੱਟ ਰਹੇਗਾ ਅਤੇ ਕੁਝ ਸੀਟਾਂ 'ਤੇ ਤਾਂ ਇਹ 10,000 ਜਾਂ 5 ਹਜ਼ਾਰ ਵੋਟਾਂ ਦੇ ਆਸ-ਪਾਸ ਵੀ ਰਹਿ ਸਕਦਾ ਹੈ।' ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਕਿਹਾ, 'ਹਿੰਦੂ ਵੋਟਾਂ ਨਾਲ ਫਰਕ ਪਵੇਗਾ। ਇਨ੍ਹਾਂ ਵਿਚ ਆਜ਼ਾਦ ਵੋਟਰਾਂ ਦੀ ਸਭ ਤੋਂ ਵੱਡੀ ਸੰਖਿਆ ਹੈ।' ਕੁਮਾਰ ਅਤੇ ਆਰ.ਐੱਚ.ਸੀ. 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਦੀ ਮੁਹਿੰਮ ਦਾ ਇੱਕ ਮੁੱਖ ਹਿੱਸਾ ਸਨ, ਪਰ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਦੋਵੇਂ ਵੱਖ ਹੋ ਗਏ ਸਨ। ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਾਲ 21 ਮਾਰਚ ਨੂੰ ਮਾਰ-ਏ-ਲਾਗੋ ਵਿਖੇ ਟਰੰਪ ਨਾਲ ਮੁਲਾਕਾਤ ਕੀਤੀ ਸੀ। ਉਸ ਤੋਂ ਬਾਅਦ ਵੀ ਦੋਵਾਂ ਵਿਚਾਲੇ ਕੁਝ ਮੁਲਾਕਾਤਾਂ ਹੋਈਆਂ ਹਨ। ਅਮਰੀਕਾ ਦੇ ਰਜਿਸਟਰਡ ਵੋਟਰਾਂ ਵਿੱਚੋਂ ਲਗਭਗ ਇੱਕ ਪ੍ਰਤੀਸ਼ਤ ਭਾਰਤੀ-ਅਮਰੀਕੀ ਹਨ।

ਇਹ ਵੀ ਪੜ੍ਹੋ: ਖਾਲਿਸਤਾਨੀ ਕੱਟੜਪੰਥੀਆਂ ਨੇ ਟੋਰਾਂਟੋ ਦੇ ਹਿੰਦੂ ਸਵਾਮੀਨਾਰਾਇਣ ਮੰਦਿਰ ਦੀ ਕੰਧ 'ਤੇ ਲਿਖਿਆ ਖਾਲਿਸਤਾਨ ਜ਼ਿੰਦਾਬਾਦ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 

cherry

This news is Content Editor cherry