ਟਰੰਪ ਸਰਕਾਰ ਵਿਦੇਸ਼ਾਂ ''ਚ ਸਥਿਤ ਇੰਮੀਗ੍ਰੇਸ਼ਨ ਦਫਤਰਾਂ ਨੂੰ ਕਰਨ ਜਾ ਰਹੀ ਹੈ ਬੰਦ

03/15/2019 11:43:28 PM

ਵਾਸ਼ਿੰਗਟਨ—ਇੰਮੀਗ੍ਰੇਸ਼ਨ ਨੀਤੀਆਂ ਸਖਤ ਕਰਨ ਮਗਰੋਂ ਹੁਣ ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਏਸ਼ੀਆ, ਯੂਰਪ ਅਤੇ ਲੈਟਿਨ ਅਮੇਰਿਕਾ 'ਚ ਸਥਿਤ 23 ਇੰਮੀਗ੍ਰੇਸ਼ਨ ਦਫਤਰ ਪੱਕੇ ਤੌਰ 'ਤੇ ਬੰਦ ਕਰਨ ਜਾ ਰਹੀ ਹੈ ਜਿਸ ਨਾਲ ਪ੍ਰਵਾਸੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। 'ਵਾਲ ਸਟਰੀਟ ਜਨਰਲ' ਦੀ ਰਿਪੋਰਟ ਮੁਤਾਬਕ ਸਰਕਾਰ ਵੱਲੋਂ ਤਿਆਰ ਯੋਜਨਾ ਤਹਿਤ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਦਫਤਰ ਬੰਦ ਹੋਣ ਮਗਰੋਂ ਪ੍ਰਵਾਸੀਆਂ ਨੂੰ ਇੰਮੀਗ੍ਰੇਸ਼ਨ ਸੇਵਾਵਾਂ ਲਈ ਅਮੈਰਿਕਨ ਅੰਬੈਂਸਿਜ਼ ਨਾਲ ਸੰਪਰਕ ਕਰਨਾ ਹੋਵੇਗਾ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਜਾਰੀ ਬਿਆਨ 'ਚ ਕਾਹ ਗਿਆ ਹੈ ਕਿ ਇਸ ਤਰੀਕੇ ਨਾਲ ਕਰੋੜਾਂ ਡਾਲਰ ਦੀ ਬੱਚਤ ਹੋਵੇਗੀ ਅਤੇ ਘਰੇਲੂ ਪੱਧਰ 'ਤੇ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਖਤਮ ਕੀਤਾ ਜਾ ਸਕੇਗਾ। ਦੂਜੇ ਪਾਸੇ ਇੰਮੀਗ੍ਰੇਸ਼ਨ ਵਕੀਲਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਪੁਰਾਣਾ ਬੈਕਲਾਗ ਖਤਮ ਕਰਨ ਦੇ ਚੱਕਰ 'ਚ ਨਵਾਂ ਬੈਕਲਾਗ ਪੈਦਾ ਹੋ ਜਾਵੇਗਾ। ਵਕੀਲਾਂ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਫੈਮਿਲੀ ਵੀਜ਼ਾ ਲੈਣ ਵਾਲੇ ਪ੍ਰਭਾਵਤ ਹੋਣਜੇ ਜਦਕਿ ਰਫਿਊਜੀਆਂ ਅਤੇ ਹੋਰ ਕਈ ਵਰਗ ਸੇਵਾਵਾਂ ਤੋਂ ਵਾਂਝੇ ਹੋ ਜਾਣਗੇ। ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਦੇ ਮੀਡੀਆ ਡਾਇਰੈਕਟਰ ਐਨਰਿਕ ਗੁਤੀਰੇਜ਼ ਅਤੇ ਜੌਹਨ ਸੈਂਟੋਸ ਨੇ ਕਿਹਾ ਕਿ ਸਰਕਾਰ ਦੀ ਇਹ ਦਲੀਲ ਬਿਲੁਕਲ ਵੀ ਮੰਨਣਯੋਗ ਨਹੀਂ ਕਿ ਵਿਦੇਸ਼ਾਂ 'ਚ ਸਥਿਤ ਇੰਮੀਗ੍ਰੇਸ਼ਨ ਦਫਤਰਾਂ ਨੂੰ ਬੰਦ ਕਰ ਕੇ ਕਰੋੜਾਂ ਡਾਲਰ ਦੀ ਬੱਚਤ ਹੋਵੇਗੀ ਕਿਉਂਕਿ ਅਮਰੀਕਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਨੂੰ ਹੋਣ ਵਾਲੀ ਜ਼ਿਆਦਾਤਰ ਆਮਦਨ ਪ੍ਰਵਾਸੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਇਵਜ਼ 'ਚ ਆਉਂਦੀ ਹੈ। ਵਿਦੇਸ਼ਾਂ 'ਚ ਸਥਿਤ ਇੰਮੀਗ੍ਰੇਸ਼ਨ ਦਫਤਰ ਸਿਰਫ ਪ੍ਰਵਾਸੀਆਂ ਨੂੰ ਹੀ ਸੇਵਾ ਨਹੀਂ ਦਿੰਦੇ ਸਗੋਂ ਅਮਰੀਕੀ ਨਾਗਰਿਕਾਂ ਦੀ ਵੀ ਮਦਦ ਕਰਦੇ ਹਨ ਜੋ ਆਪਣੇ ਰਿਸ਼ਤੇਦਾਰਾਂ ਨੂੰ ਅਮਰੀਕਾ ਸੱਦਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਅਮਰੀਕਾ ਫੌਜ 'ਚ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਯੂ.ਐੱਸ. ਸਿਟੀਜ਼ਨਸ਼ਿਪ ਦੇਣ ਦਾ ਕੰਮ ਵੀ ਇਨ੍ਹਾਂ ਦਫਤਰਾਂ ਦੁਆਰਾ ਕੀਤਾ ਜਾਂਦਾ ਹੈ। ਦੱਸ ਦੇਈਏ ਕਿ 2014 ਮਗਰੋਂ ਅਮਰੀਕੀ ਇੰਮੀਗ੍ਰੇਸ਼ਨ ਅਰਜ਼ੀਆਂ ਦੇ ਨਿਪਟਾਰੇ 'ਚ ਲੱਗਣ ਵਾਲਾ ਸਮਾਂ ਤਕਰੀਬਨ ਦੁੱਗਣਾ ਹੋ ਚੁੱਕਿਆ ਹੈ। ਮੌਜੂਦਾ ਸਮੇਂ 'ਚ ਇੰਮੀਗ੍ਰੇਸ਼ਨ ਵਿਭਾਗ ਕੋਲ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਵਧ ਕੇ 23 ਲੱਖ ਦੇ ਨੇੜੇ ਪੁੱਜ ਗਿਆ ਹੈ।

Karan Kumar

This news is Content Editor Karan Kumar