ਟਰੰਪ ਨੇ ਮੈਨੂੰ EU ਨਾਲ ਗੱਲਬਾਤ ਕਰਨ ਦੀ ਬਜਾਏ ਮੁਕੱਦਮਾ ਚਲਾਉਣ ਦੀ ਦਿੱਤੀ ਸਲਾਹ : ਥੈਰੇਸਾ ਮੇਅ

07/16/2018 2:19:21 AM

ਲੰਡਨ — ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਐਤਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਬ੍ਰੈਗਜ਼ਿਟ ਦੇ ਮਸਲੇ 'ਤੇ ਯੂਰਪੀ ਸੰਘ (ਈ. ਯੂ.) ਨਾਲ ਗੱਲਬਾਤ ਕਰਨ ਦੀ ਬਜਾਏ ਉਸ 'ਤੇ ਮੁਕੱਦਮਾ ਚਲਾਉਣ ਦੀ ਸਲਾਹ ਦਿੱਤੀ ਹੈ। ਬ੍ਰਿਟੇਨ ਦੌਰੇ 'ਤੇ ਗਏ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸ਼ੁੱਕਰਵਾਰ ਨੂੰ ਇਕ ਸੰਯੁਕਤ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਉਨ੍ਹਾਂ ਨੇ ਮੇਅ ਨੂੰ ਇਕ ਸੁਝਾਅ ਦਿੱਤਾ ਹੈ ਪਰ ਉਹ ਇਸ ਨੂੰ ਕਾਫੀ ਸਖਤ ਮੰਨਦੀ ਹੈ।
ਇਕ ਅੰਗ੍ਰੇਜ਼ੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਜਦੋਂ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਮੇਅ ਤੋਂ ਪੁੱਛਿਆ ਗਿਆ ਕਿ ਟਰੰਪ ਨੇ ਉਨ੍ਹਾਂ ਨੂੰ ਕੀ ਸੁਝਾਅ ਦਿੱਤਾ ਹੈ ਤਾਂ ਉਨ੍ਹਾਂ ਨੇ ਦੱਸਿਆ, 'ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਨੂੰ ਯੂਰਪੀ ਯੂਨੀਅਨ 'ਤੇ ਮੁਕੱਦਮਾ ਚਲਾਉਣਾ ਚਾਹੀਦਾ ਹੈ ਨਾ ਕਿ ਗੱਲਬਾਤ ਕਰਨੀ ਚਾਹੀਦੀ ਹੈ।' ਮੇਅ ਨੇ ਕਿਹਾ, 'ਦਿਲਚਸਪ ਗੱਲ ਇਹ ਹੈ ਕਿ ਰਾਸ਼ਟਰਪਤੀ ਨੇ ਪੱਤਰਕਾਰ ਸੰਮੇਲਨ 'ਚ ਇਹ ਵੀ ਕਿਹਾ ਕਿ ਉਸ (ਈ. ਯੂ.) ਤੋਂ ਬਾਹਰ ਨਾ ਜਾਓ।'
ਉਨ੍ਹਾਂ ਨੇ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ, 'ਟਰੰਪ ਨੇ ਮੈਨੂੰ ਗੱਲਬਾਤ ਤੋਂ ਬਾਹਰ ਪਿੱਛੇ ਨਾ ਹੱਟਣ ਬਾਰੇ ਵੀ ਸਲਾਹ ਦਿੱਤੀ ਸੀ ਅਤੇ ਕਿਹਾ ਸੀ ਕਿ ਜੇਕਰ ਤੁਸੀਂ ਗੱਲਬਾਤ ਤੋਂ ਪਿੱਛੇ ਹੱਟਦੇ ਹੋ ਤਾਂ ਤੁਸੀਂ ਤੁਸੀਂ ਫੱਸ ਸਕਦੇ ਹੋ। ਇਸ ਲਈ ਮੈਂ ਚਾਹੁੰਦੀ ਹਾਂ ਕਿ ਅਸੀਂ ਬ੍ਰਿਟੇਨ ਦੇ ਚੰਗੇ ਲਈ ਸਮਝੌਤਾ ਕਰਨ ਲਈ ਗੱਲਬਾਤ ਕਰਨ 'ਚ ਸਮਰਥ ਹੋਈਏ।' ਪ੍ਰਧਾਨ ਮੰਤਰੀ ਨੇ ਬ੍ਰੈਗਜ਼ਿਟ ਲਈ 12 ਜੁਲਾਈ ਨੂੰ ਜਾਰੀ ਆਪਣੀ ਯੋਜਨਾ ਦਾ ਬਚਾਅ ਕੀਤਾ ਅਤੇ ਨਿੰਦਾ ਕਰਨ ਵਾਲਿਆਂ ਤੋਂ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਬ੍ਰਿਟੇਨ ਹੋਰ ਦੇਸ਼ਾਂ ਨਾਲ ਵਪਾਰਕ ਕਰਾਰ ਕਰ ਸਕੇਗਾ।
ਦੱਸ ਦਈਏ ਕਿ 29 ਮਾਰਚ, 2019 ਤੱਕ ਬ੍ਰਿਟੇਨ ਨੂੰ ਯੂਰਪੀ ਸੰਘ ਤੋਂ ਵੱਖ ਹੋਣਾ ਹੈ ਪਰ ਅਜੇ ਤੱਕ ਇਸ ਮਸਲੇ 'ਤੇ ਉਥੇ ਸਿਆਸੀ ਅਤੇ ਕਾਰੋਬਾਰੀ ਵਰਗ ਇਕੱਠੇ ਹੋਣ ਦੀ ਬਜਾਏ ਬਿਲਕੁਲ ਵੰਡੇ ਹੋਏ ਨਜ਼ਰ ਆ ਰਹੇ ਹਨ।