ਟਰੰਪ ਦੀ ਟਿੱਪਣੀ 2018 ਦੇ ਸ਼ੁਰੂਆਤੀ ਰੁਖ ਨੂੰ ਬਦਲਣ ਦੇ ਸੰਕੇਤ : ਪਾਕਿ

01/04/2019 1:59:03 AM

ਇਸਲਾਮਾਬਾਦ/ਵਾਸ਼ਿੰਗਟਨ — ਪਾਕਿਸਤਾਨ ਨੇ ਵੀਰਵਾਰ ਨੂੰ ਆਖਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਹ ਟਿੱਪਣੀ ਕਿ ਅਮਰੀਕਾ ਉਸ ਨਾਲ ਚੰਗੇ ਸਬੰਧ ਚਾਹੁੰਦਾ ਹੈ, ਉਨ੍ਹਾਂ ਦੇ ਰੁਖ ਨੂੰ ਬਦਲਣ ਦਾ ਸੰਕੇਤ ਦਿੰਦੀ ਹੈ। ਪਾਕਿਸਤਾਨ ਨੇ ਕਿਹਾ ਕਿ ਟਰੰਪ ਦੀ ਇਹ ਟਿੱਪਣੀ ਸਾਲ 2018 ਦੀ ਸ਼ੁਰੂਆਤ 'ਚ ਅਪਣਾਇਆ ਗਿਆ ਉਨ੍ਹਾਂ ਦਾ ਰੁਖ ਬਦਲਣ ਦਾ ਸੰਕੇਤ ਦਿੰਦੀ ਹੈ। ਟਰੰਪ ਨੇ ਅੱਤਵਾਦ ਖਿਲਾਫ ਲੜਾਈ 'ਚ ਜ਼ਿਆਦਾ ਕੁਝ ਨਾ ਕਰ ਪਾਉਣ ਨੂੰ ਲੈ ਕੇ 1 ਜਨਵਰੀ 2018 ਨੂੰ ਪਾਕਿਸਤਾਨ 'ਤੇ ਨਿਸ਼ਾਨਾ ਵਿੰਨ੍ਹਿਆ ਸੀ ਅਤੇ ਉਨ੍ਹਾਂ ਨੇ ਆਪਣੇ ਸਾਬਕਾ ਸਹਿਯੋਗੀ ਦੇਸ਼ ਨੂੰ 1.3 ਅਰਬ ਡਾਲਰ ਦੀ ਫੌਜੀ ਸਹਾਇਤਾ ਵੀ ਰੋਕ ਦਿੱਤੀ ਸੀ।
ਪਾਕਿ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਆਪਣੀ ਹਫਤਾਵਾਰੀ ਮੀਡੀਆ ਬ੍ਰੀਫਿੰਗ 'ਚ ਪੱਤਰਕਾਰਾਂ ਨੂੰ ਆਖਿਆ ਕਿ ਅਸੀਂ ਅਗਵਾਈ ਦੇ ਪੱਧਰ 'ਤੇ ਅਮਰੀਕਾ ਨਾਲ ਸਕਾਰਾਤਮਕ ਸਬੰਧ ਬਣਾਉਣ ਲਈ ਉਤਸ਼ਾਹਿਤ ਹਾਂ। ਜ਼ਿਕਰਯੋਗ ਹੈ ਕਿ ਟਰੰਪ ਨੇ 2019 'ਚ ਆਪਣੀਆਂ ਪਹਿਲੀਆਂ ਟਿੱਪਣੀਆਂ 'ਚ ਆਖਿਆ ਸੀ ਕਿ ਅਮਰੀਕਾ, ਪਾਕਿਸਤਾਨ ਨਾਲ ਚੰਗੇ ਰਿਸ਼ਤੇ ਬਣਾਉਣਾ ਚਾਹੁੰਦਾ ਹੈ ਪਰ ਦੇਸ਼ 'ਚ ਦੁਸ਼ਮਣਾਂ ਨੂੰ ਪਨਾਹ ਦਿੱਤੇ ਜਾਣ ਕਾਰਨ ਅਜਿਹਾ ਨਹੀਂ ਕਰ ਸਕਦਾ।