ਜਸਟਿਨ ਟਰੂਡੋ ਨੇ ਬਹਾਦਰ ਫੌਜੀ ਨਾਰਥ ਨੂੰ ਦਿੱਤੀ ਨਿੱਘੀ ਸ਼ਰਧਾਂਜਲੀ

10/23/2017 12:10:45 PM

ਓਟਾਵਾ (ਬਿਊਰੋ)— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 2014 'ਚ ਮਾਰੇ ਗਏ ਕੈਪਟਨ ਨਾਰਥ ਸਿਰੀਲੋ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਹੈ। ਦੱਸਣਯੋਗ ਹੈ ਕਿ 22 ਅਕਤੂਬਰ, 2014 ਨੂੰ ਓਟਾਵਾ 'ਚ ਪਾਰਟਲੀਮੈਂਟ ਹਿਲ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਸੀ। ਇਸ ਹਮਲੇ 'ਚ 24 ਸਾਲਾ ਕੈਨੇਡੀਅਨ ਫੌਜੀ ਨਾਰਥ ਸਿਰੀਲੋ ਅੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਕੈਪਟਨ ਨਾਰਥ ਪਾਰਲੀਮੈਂਟ ਹਿਲ ਦੇ ਨੇੜੇ ਨੈਸ਼ਨਲ ਵਾਰ ਮੈਮੋਰੀਅਲ 'ਚ ਸੁਰੱਖਿਆ ਗਾਰਡ ਦੇ ਤੌਰ 'ਤੇ ਖੜ੍ਹੇ ਸਨ ਕਿ ਅੱਤਵਾਦੀਆਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਸੀ। 
ਇਸ ਭਿਆਨਕ ਅੱਤਵਾਦੀ ਹਮਲੇ ਨੂੰ ਯਾਦ ਕਰਦਿਆਂ ਟਰੂਡੋ ਨੇ ਕਿਹਾ ਕਿ ਮੈਂ ਕੈਨੇਡੀਅਨ ਫੌਜੀਆਂ ਦਾ ਧੰਨਵਾਦ ਕਰਦਾ ਹਾਂ, ਜੋ ਕਿ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਦੇਸ਼ ਦੀ ਸੁਰੱਖਿਆ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਹਮਲੇ ਤੋਂ ਬਾਅਦ ਕੈਨੇਡਾ ਹੋਰ ਮਜ਼ਬੂਤ ਹੋ ਗਿਆ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਇਸ ਤਰ੍ਹਾਂ ਦੇ ਹਮਲੇ ਲੋਕਾਂ 'ਚ ਡਰ ਪੈਦਾ ਕਰਦੇ ਹਨ ਅਤੇ ਕੈਨੇਡੀਅਨਜ਼ ਨੂੰ ਵੰਡਦੇ ਹਨ। ਟਰੂਡੋ ਨੇ ਕਿਹਾ ਕਿ ਇਸ ਤਰ੍ਹਾਂ ਦੇ ਹਮਲਿਆਂ ਤੋਂ ਸਿਰਫ ਇਕਜੁਟਤਾ ਨਾਲ ਹੀ ਲੜਿਆ ਜਾ ਸਕਦਾ। ਉਨ੍ਹਾਂ ਨੇ ਨਾਰਥ ਦੀ ਬਹਾਦਰੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਉਨ੍ਹਾਂ 'ਤੇ ਮਾਣ ਹੋਣਾ ਚਾਹੀਦਾ ਹੈ।