ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਟਰੂਡੋ ਨੇ ਵਿਰੋਧੀ ਸਰਕਾਰ ਨੂੰ ਘੇਰਿਆ

06/28/2017 8:26:03 AM

ਟੋਰਾਂਟੋ— ਹਰ ਦੇਸ਼ ਦੀ ਸਰਕਾਰ ਆਪਣੇ ਵਿਰੋਧੀ ਧਿਰ ਦੇ ਸਿਰ 'ਤੇ ਹਰ ਘਾਟੇ ਦਾ ਇਲਜ਼ਾਮ ਲਗਾ ਦਿੰਦੀ ਹੈ। ਅਜਿਹਾ ਹੀ ਕੈਨੇਡਾ 'ਚ ਵੀ ਦਿਖਾਈ ਦਿੱਤਾ। ਸੰਸਦ 'ਚ ਗਰਮੀਆਂ ਦੀਆਂ ਛੁੱਟੀਆਂ ਹੋਣ ਜਾ ਰਹੀਆਂ ਹਨ ਤੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰੈੱਸ ਕਾਨਫਰੰਸ ਕਰਵਾਈ ਤੇ ਆਪਣੀ ਸਰਕਾਰ ਦੀਆਂ ਸਿਫਤਾਂ ਕਰਦਿਆਂ ਕੰਜ਼ਰਵੇਟਿਵ ਪਾਰਟੀ ਅਤੇ ਐਨ.ਡੀ.ਪੀ. ਨੂੰ ਸਖਤ ਹੱਥਾਂ 'ਚ ਲਿਆ। ਉਨ੍ਹਾਂ ਨੇ ਵਿਰੋਧੀ ਧਿਰਾਂ 'ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਸੈਨੇਟ ਵਿੱਚ ਉਨ੍ਹਾਂ ਨੇ ਹੀ ਸਰਕਾਰ ਦੇ ਕਈ ਬਿੱਲ ਰੋਕੇ। ਇਸ ਤੋਂ ਇਲਾਵਾ ਫੈਡਰਲ ਘਾਟੇ ਤੇ ਇਲੈਕਟੋਰਲ ਸਿਸਟਮ ਵਿੱਚ ਸੁਧਾਰ ਕਰਨ ਦਾ ਉਨ੍ਹਾਂ ਦਾ ਵਾਅਦਾ ਪੂਰਾ ਨਾ ਕਰ ਸਕਣ ਪਿੱਛੇ ਵੀ ਵਿਰੋਧੀ ਧਿਰ ਹੀ ਜ਼ਿੰਮੇਵਾਰ ਹੈ।
ਟਰੂਡੋ ਨੇ ਕਿਹਾ,'' ਆਪਣੇ ਵਾਅਦੇ ਮੁਤਾਬਕ ਅਸੀਂ ਆਪਣੇ ਪਹਿਲੇ ਬਜਟ ਵਿੱਚ ਨਵੇਂ ਖਰਚੇ ਦੇ ਰੂਪ ਵਿੱਚ 10 ਬਿਲੀਅਨ ਡਾਲਰ ਰੱਖੇ ਸਨ। ਅਜੇ ਹੁਣੇ ਜਿਹੇ ਹੀ ਬਜਟ ਸੰਤੁਲਿਤ ਹੋਇਆ ਹੈ। ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਆਪਣੀ ਯੋਜਨਾ ਤੇ ਪਹੁੰਚ ਵਿੱਚ ਇੱਕਸੁਰਤਾ ਬਣਾਈ ਹੋਈ ਹੈ।'' ਟਰੂਡੋ ਨੇ ਪ੍ਰੈੱਸ ਕਾਨਫਰੰਸ ਵਿੱਚ ਸ਼ੁਰੂਆਤ ਹੀ ਪੱਤਰਕਾਰਾਂ ਦੇ ਕੰਮਾਂ ਦੀ ਸ਼ਲਾਘਾ ਕਰਕੇ ਕੀਤੀ। 
ਟਰੂਡੋ ਨੇ ਸਿਰਫ ਫੈਡਰਲ ਘਾਟੇ ਲਈ ਹੀ ਕੰਜ਼ਰਵੇਟਿਵਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਸਗੋਂ ਹੋਰ ਕਈ ਮਾਮਲਿਆਂ ਲਈ ਵੀ ਸਾਰਾ ਦੋਸ਼ ਵਿਰੋਧੀ ਧਿਰਾਂ ਦੇ ਸਿਰ ਮੜ੍ਹਿਆ। ਉਨ੍ਹਾਂ ਇਹ ਵੀ ਕਿਹਾ ਕਿ ਸੈਨੇਟ ਦੀ ਕੰਜ਼ਰਵੇਟਿਵ ਕਾਕਸ ਇੱਕ ਵੱਡੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਸੈਨੇਟ ਸਰਕਾਰ ਦੇ ਕੰਮਕਾਜ ਵਿੱਚ ਹਰ ਸਮੇਂ ਲੱਤ ਅੜਾਉਣ ਲਈ ਕਾਹਲੀ ਰਹਿੰਦੀ ਹੈ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਪਿਛਲੇ ਹਫਤੇ ਸੈਨੇਟਰਜ਼ ਨੇ ਬਜਟ ਪਾਸ ਹੋਣ ਤੋਂ ਪਹਿਲਾਂ ਹੀ ਉਸ ਵਿੱਚ ਸੋਧ ਨੂੰ ਲੈ ਕੇ ਰੌਲਾ ਪਾ ਲਿਆ।