ਆਸਟ੍ਰੇਲੀਆ : ਭਿਆਨਕ ਹਾਦਸੇ ਨੇ ਖੋਹ ਲਈਆਂ ਦੋ ਜ਼ਿੰਦਗੀਆਂ, ਟਰੱਕ ਡਰਾਈਵਰ ''ਤੇ ਲੱਗੇ ਦੋਸ਼

08/21/2018 6:04:43 PM

ਪਰਥ (ਏਜੰਸੀ)— ਪੱਛਮੀ ਆਸਟ੍ਰੇਲੀਆ 'ਚ ਇਕ ਕਾਰ ਅਤੇ ਸੈਮੀ ਟਰੱਕ ਟ੍ਰੇਲਰ ਦੀ ਭਿਆਨਕ ਟੱਕਰ ਹੋ ਗਈ ਸੀ, ਜਿਸ 'ਚ ਔਰਤ ਅਤੇ ਉਸ ਦੇ 10 ਸਾਲਾ ਪੁੱਤਰ ਦੀ ਮੌਤ ਹੋ ਗਈ। ਇਸ ਹਾਦਸੇ ਲਈ ਜ਼ਿੰਮੇਵਾਰ ਟਰੱਕ ਡਰਾਈਵਰ 'ਤੇ ਖਤਰਨਾਕ ਢੰਗ ਨਾਲ ਡਰਾਈਵਿੰਗ ਕਰਨ ਦੇ ਦੋਸ਼ ਲਾਏ ਗਏ ਹਨ। ਇਹ ਹਾਦਸਾ ਐਤਵਾਰ ਦੀ ਰਾਤ ਨੂੰ ਪੱਛਮੀ ਆਸਟ੍ਰੇਲੀਆ ਦੇ ਬਰੂਕਟਨ-ਕੋਰੀਗਿਨ ਰੋਡ 'ਤੇ ਵਾਪਰਿਆ ਸੀ। ਹਾਦਸੇ ਵਿਚ ਔਰਤ ਦੇ 3 ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਪਰਥ ਦੇ ਇਕ ਚਿਲਡਰਨ ਹਸਪਤਾਲ ਵਿਚ ਚੱਲ ਰਿਹਾ ਹੈ। ਇਸ ਭਿਆਨਕ ਹਾਦਸੇ ਵਿਚ ਮਾਰੀ ਗਈ ਔਰਤ ਅਤੇ ਉਸ ਦੀ ਬੱਚੇ ਦੀ ਪਛਾਣ ਪੁਲਸ ਨੇ ਕੀਤੀ ਹੈ। 



ਪੁਲਸ ਮੁਤਾਬਕ 26 ਸਾਲਾ ਐਮੀ ਸਲੈਟਰ ਅਤੇ ਉਸ ਦੇ 10 ਸਾਲਾ ਪੁੱਤਰ ਲੇਰੋਏ ਦੀ ਮੌਤ ਹੋ ਗਈ। ਟਰੱਕ ਨੇ ਕਾਰ ਨੂੰ ਉਸ ਸਮੇਂ ਟੱਕਰ ਮਾਰੀ, ਜਦੋਂ ਉਹ ਖੇਤਰ ਵਿਚ ਪਾਰਕ ਕੀਤੀ ਗਈ ਸੀ। ਕਾਰ 'ਚ ਪੂਰਾ ਪਰਿਵਾਰ ਸਵਾਰ ਸੀ ਅਤੇ ਪੈਟਰੋਲ ਖਤਮ ਹੋਣ ਕਾਰਨ ਬੱਚਿਆਂ ਦਾ ਪਿਤਾ ਪੈਟਰੋਲ ਲੈਣ ਲਈ ਗਿਆ ਸੀ। ਇਸ ਭਿਆਨਕ ਹਾਦਸੇ ਕਾਰਨ ਪਿਤਾ ਲੇਰੋਏ ਡੀਮਰ ਸਦਮੇ ਵਿਚ ਹੈ। ਪਿਤਾ ਘਟਨਾ ਵਾਲੀ ਥਾਂ ਤੋਂ 9 ਕਿਲੋਮੀਟਰ ਦੂਰ ਪੈਟਰੋਲ ਲੈਣ ਲਈ ਗਿਆ ਸੀ ਅਤੇ ਪਿੱਛੋਂ ਇਹ ਭਿਆਨਕ ਹਾਦਸਾ ਵਾਪਰ ਗਿਆ। 



ਓਧਰ ਪੁਲਸ ਨੇ 45 ਸਾਲਾ ਟਰੱਕ ਡਰਾਈਵਰ ਦੇ ਖਤਰਨਾਕ ਢੰਗ ਨਾਲ ਡਰਾਈਵਿੰਗ ਕਰਨ ਦੇ ਦੋਸ਼ ਲਾਏ ਹਨ। ਪਰਥ ਮੈਜਿਸਟ੍ਰੇਟ ਕੋਰਟ ਨੇ ਉਸ ਨੂੰ 10,000 ਡਾਲਰ 'ਤੇ ਜ਼ਮਾਨਤ ਦਿੱਤੀ ਸੀ। ਕੋਰਟ ਨੇ ਕਿਹਾ ਇਹ ਵੀ ਸ਼ਰਤ ਰੱਖੀ ਕਿ ਉਹ ਪੱਛਮੀ ਆਸਟ੍ਰੇਲੀਆ ਨੂੰ ਛੱਡ ਕੇ ਨਹੀਂ ਜਾ ਸਕਦਾ ਅਤੇ 1 ਕਿਲੋਮੀਟਰ ਦੀ ਦੂਰੀ ਤੋਂ ਬਾਹਰ ਨਹੀਂ ਜਾਵੇਗਾ।