ਮੈਲਬੌਰਨ ''ਚ ਕਾਰ ਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਇਕੋਂ ਪਰਿਵਾਰ ਦੇ 4 ਜੀਅ ਗੰਭੀਰ ਜ਼ਖਮੀ

11/21/2017 1:31:49 PM

ਮੈਲਬੌਰਨ (ਏਜੰਸੀ)— ਆਸਟ੍ਰੇਲੀਆ ਦੇ ਦੱਖਣੀ-ਪੱਛਮੀ ਮੈਲਬੌਰਨ 'ਚ ਸੋਮਵਾਰ ਰਾਤ ਇਕ ਕਾਰ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਕਾਰ 'ਚ ਇਕੋ ਪਰਿਵਾਰ ਦੇ 4 ਜੀਅ ਸਵਾਰ ਸਨ, ਜੋ ਕਿ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਕਾਰ 'ਚ ਸਵਾਰ 10 ਸਾਲਾ ਲੜਕੀ ਦੀ ਹਾਲਤ ਬਹੁਤ ਨਾਜ਼ਕ ਬਣੀ ਹੋਈ ਹੈ, ਜੋ ਕਿ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਪਰਿਵਾਰ ਦੇ ਸਾਰਿਆਂ ਮੈਂਬਰਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਕਾਰ 'ਚ ਸਵਾਰ ਪੂਰਾ ਪਰਿਵਾਰ ਵਿਕਟੋਰੀਆ ਦੇ ਬਾਲਨ ਰੋਡ 'ਤੇ ਜਾ ਰਿਹਾ ਸੀ ਕਿ ਚੌਰਾਹੇ 'ਤੇ ਵਿੰਧਾਮ ਵਲੇ ਨੇੜੇ ਉਨ੍ਹਾਂ ਦੀ ਕਾਰ ਦੀ ਟਰੱਕ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਸੋਮਵਾਰ ਦੀ ਰਾਤ ਨੂੰ ਸਥਾਨਕ ਸਮੇਂ ਅਨੁਸਾਰ 9.20 ਵਜੇ ਵਾਪਰਿਆ। ਟੱਕਰ ਕਾਰਨ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। 
ਟੱਕਰ ਕਾਰਨ 10 ਸਾਲਾ ਲੜਕੀ ਗੰਭੀਰ ਜ਼ਖਮੀ ਹੋ ਗਈ, ਜਦ ਕਿ ਉਸ ਦੇ 5 ਸਾਲਾ ਭਰਾ, ਮਾਂ ਅਤੇ ਪਿਤਾ ਦੀ ਹਾਲਤ ਵੀ ਸਥਿਰ ਬਣੀ ਹੋਈ ਹੈ। 
10 ਸਾਲਾ ਲੜਕੀ ਨੂੰ ਰਾਇਲ ਚਿਲਰਡਨ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ, ਉਸ ਦੇ ਸਿਰ, ਛਾਤੀ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਦੇ 5 ਸਾਲਾ ਭਰਾ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਉਸ ਨੂੰ ਵੀ ਇਸੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਦੋਹਾਂ ਬੱਚਿਆਂ ਦੇ ਮਾਤਾ-ਪਿਤਾ ਨੂੰ ਐਂਬੂਲੈਂਸ ਜ਼ਰੀਏ ਰਾਇਲ ਮੈਲਬੌਰਨ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਟਰੱਕ ਨੂੰ 51 ਸਾਲਾ ਵਿਅਕਤੀ ਚਲਾ ਰਿਹਾ ਸੀ, ਉਸ ਨੂੰ ਘਟਨਾ ਵਾਲੀ ਥਾਂ 'ਤੇ ਰੋਕਿਆ ਗਿਆ। ਟਰੱਕ ਡਰਾਈਵਰ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਜੋ ਕਿ ਜਾਂਚ 'ਚ ਮਦਦ ਕਰ ਰਿਹਾ ਹੈ।