ਨਿਊਯਾਰਕ ਹਵਾਈ ਅੱਡੇ ''ਤੇ ਭਰਿਆ ਪਾਣੀ, ਯਾਤਰੀ ਪਰੇਸ਼ਾਨ

01/08/2018 10:34:31 AM

ਨਿਊਯਾਰਕ (ਵਾਰਤਾ)— ਅਮਰੀਕਾ ਦੇ ਨਿਊਯਾਰਕ ਵਿਚ ਜੌਨ ਐੱਫ. ਕੈਨੇਡੀ ਅੰਤਰ ਰਾਸ਼ਟਰੀ ਹਵਾਈ ਅੱਡੇ 'ਤੇ ਪਾਣੀ ਭਰ ਜਾਣ ਕਾਰਨ ਅਤੇ ਕਈ ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਇਕ ਸਮਾਚਾਰ ਏਜੰਸੀ ਮੁਤਾਬਕ ਚੈੱਕ ਇਨ ਕਾਊਂਟਰ ਦੀ ਛੱਤ ਤੋਂ ਪਾਣੀ ਟਪਕ ਰਿਹਾ ਹੈ ਅਤੇ ਟਰਮੀਨਲ ਦੇ 4 ਵੱਡੇ ਹਿੱਸੇ ਪਾਣੀ ਵਿਚ ਡੁੱਬੇ ਹੋਏ ਹਨ।  ਹਵਾਈ ਅੱਡੇ 'ਤੇ ਪਾਣੀ ਦੀ ਮੁੱਖ ਪਾਈਪ ਦੇ ਟੁੱਟ ਜਾਣ ਕਾਰਨ ਪਾਣੀ ਭਰ ਗਿਆ ਹੈ। ਉੱਤਰੀ-ਪੂਰਬੀ ਅਮਰੀਕਾ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਨਿਊਯਾਰਕ ਸ਼ਹਿਰ ਦਾ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਨਿਊਯਾਰਕ ਅਤੇ ਨਿਊਜਰਸੀ ਹਵਾਈ ਅੱਡਾ ਅਥਾਰਿਟੀ ਮੁਤਾਬਕ ਟਰਮੀਨਲ ਚਾਰ ਤੋਂ ਸਾਰੀਆਂ ਅੰਤਰ ਰਾਸ਼ਟਰੀ ਉਡਾਣਾਂ ਨੂੰ ਅਸਥਾਈ ਤੌਰ 'ਤੇ ਮੁਲਤਵੀ ਕਰ ਦਿੱਤਾ ਗਿਆ ਹੈ। ਜਿਹੜੇ ਯਾਤਰੀ ਪਹਿਲਾਂ ਹੀ ਇੱਥੇ ਪਹੁੰਚ ਗਏ ਸਨ ਉਨ੍ਹਾਂ ਨੂੰ ਹੋਰ ਟਰਮੀਨਲਾਂ ਜ਼ਰੀਏ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਾਇਦ ਪਾਈਪ ਵਿਚ ਪਾਣੀ ਜਮਾਂ ਹੋਣ ਕਾਰਨ ਇਹ ਟੁੱਟ ਗਈ ਹੈ। ਹਵਾਈ ਅੱਡਾ ਅਥਾਰਿਟੀ ਦੇ ਕਾਰਜਕਾਰੀ ਨਿਦੇਸ਼ਕ ਰਿਕ ਕੌਟਨ ਨੇ ਦੱਸਿਆ,''ਜੇ. ਐੱਫ. ਕੇ. ਹਵਾਈ ਅੱਡੇ 'ਤੇ ਜੋ ਕੁਝ ਵੀ ਹੋਇਆ, ਉਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਯਾਤਰੀ ਇਸ ਤੋਂ ਬਿਹਤਰ ਸਹੂਲਤਾਂ ਚਾਹੁੰਦੇ ਹਨ।'' ਗੌਰਤਲਬ ਹੈ ਕਿ ਹਾਲ ਹੀ ਦੇ ਦਿਨਾਂ ਵਿਚ ਅਮਰੀਕਾ ਵਿਚ ਚੱਕਰਵਾਤੀ ਤੂਫਾਨਾਂ ਕਾਰਨ ਸੈਂਕੜੇਂ ਉਡਾਣਾਂ ਨੂੰ ਰੱਦ ਕਰਨਾ ਪਿਆ ਸੀ।