ਟੋਰਾਂਟੋ ਵੈਨ ਹਾਦਸਾ : ''ਓਨਟਾਰੀਓ ਸਿੱਖਜ਼ ਐਂਡ ਗੁਰਦੁਆਰਾ ਕੌਂਸਲ'' ਨੇ ਪ੍ਰਗਟ ਕੀਤਾ ਦੁੱਖ

04/25/2018 12:51:32 PM

ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਇਕ ਭੀੜ ਵਾਲੀ ਸੜਕ 'ਤੇ ਜਾ ਰਹੇ ਲੋਕਾਂ 'ਤੇ ਵੈਨ ਚੜ੍ਹਾਉਣ ਦੇ ਮਾਮਲੇ 'ਚ ਇਕ ਕੈਨੇਡੀਅਨ ਵਿਅਕਤੀ 'ਤੇ ਕਤਲ ਦਾ ਮਾਮਲਾ ਦਰਜ ਹੋਇਆ ਹੈ।  ਇਸ ਘਟਨਾ 'ਚ 10 ਲੋਕਾਂ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋ ਗਏ। ਇਸ ਵੈਨ ਹਮਲੇ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਕੈਨੇਡਾ 'ਚ ਰਹਿ ਰਹੇ ਵਿਦੇਸ਼ੀ ਲੋਕਾਂ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।
'ਓਨਟਾਰੀਓ ਸਿੱਖਜ਼ ਐਂਡ ਗੁਰਦੁਆਰਾ ਕੌਂਸਲ' ਵੱਲੋਂ ਵੀ ਇਸ ਦੁਖਦ ਘਟਨਾ ਦਾ ਅਫਸੋਸ ਕੀਤਾ ਗਿਆ ਹੈ। ਕੌਂਸਲ ਦੇ ਚੇਅਰਮੈਨ ਗੋਬਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਉਹ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਨ ਅਤੇ ਵਿਛੜੀਆਂ ਰੂਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਨ। ਉਨ੍ਹਾਂ ਕੈਨੇਡੀਅਨ ਪੁਲਸ ਦੀ ਸਿਫਤ ਕੀਤੀ ਜਿਨ੍ਹਾਂ ਨੇ ਜਲਦੀ ਅਤੇ ਸਹੀ ਕਾਰਵਾਈ ਕੀਤੀ ਅਤੇ ਸਿਰਫਿਰੇ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ। ਜਿਸ ਸਥਾਨ 'ਤੇ ਇਹ ਹਾਦਸਾ ਵਾਪਰਿਆ ਲੋਕ ਇੱਥੇ ਫੁੱਲ ਚੜ੍ਹਾ ਰਹੇ ਹਨ ਅਤੇ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਦੀ ਪ੍ਰਾਰਥਨਾ ਕਰ ਰਹੇ ਹਨ।


ਪੀੜਤਾਂ 'ਚ ਵਧੇਰੇ ਔਰਤਾਂ—
ਅਜਿਹਾ ਲੱਗਦਾ ਹੈ ਕਿ ਦੋਸ਼ੀ ਡਰਾਈਵਰ ਔਰਤਾਂ ਨੂੰ ਨਫਰਤ ਕਰਦਾ ਸੀ। ਪੀੜਤਾਂ 'ਚ ਜ਼ਿਆਦਾਤਰ ਔਰਤਾਂ ਹਨ। ਪੁਲਸ ਨੇ ਦੱਸਿਆ ਕਿ ਕੈਨੇਡਾ ਦੇ ਸਭ ਤੋਂ ਵਧੇਰੇ ਆਬਾਦੀ ਵਾਲੇ ਸ਼ਹਿਰ 'ਚ ਸੋਮਵਾਰ ਨੂੰ ਹੋਏ ਕਤਲੇਆਮ ਤੋਂ ਪਹਿਲਾਂ ਉਹ 25 ਸਾਲਾ ਅਲੇਕ ਮਿਨਸਿਸਅਨ ਨੂੰ ਨਹੀਂ ਜਾਣਦੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਵੱਲੋਂ ਸੋਮਵਾਰ ਨੂੰ ਵਿਅਸਤ ਸਮੇਂ 'ਚ ਲੋਕਾਂ 'ਤੇ ਜਾਣ-ਬੁੱਝ ਕੇ ਗੱਡੀ ਚੜ੍ਹਾਈ ਗਈ। ਅਲੇਕ ਨੇ ਯੋਂਗੋ ਸਟਰੀਟ 'ਤੇ ਗੱਡੀ ਚਲਾਉਣ ਦੇ ਕੁੱਝ ਮਿੰਟ ਪਹਿਲਾਂ ਹੀ ਫੇਸਬੁੱਕ 'ਤੇ ਇਕ ਗੁਪਤ ਸੰਦੇਸ਼ ਪੋਸਟ ਕੀਤਾ ਸੀ। ਇਸ ਪੋਸਟ 'ਚ ਉਸ ਨੇ 22 ਸਾਲਾ ਅਮਰੀਕੀ ਕਾਤਲ ਇਲੀਓਟ ਰੋਜਰ ਦੀ ਪ੍ਰਸ਼ੰਸਾ ਕੀਤੀ ਸੀ ਜਿਸ ਨੇ 2014 'ਚ ਕੈਲੀਫੋਰਨੀਆ 'ਚ 6 ਲੋਕਾਂ ਦਾ ਕਤਲ ਕੀਤਾ ਸੀ ਅਤੇ ਇਸ ਮਗਰੋਂ ਉਸ ਨੇ ਖੁਦਕੁਸ਼ੀ ਕਰ ਲਈ ਸੀ। ਉਸ ਨੂੰ ਵੀ ਔਰਤਾਂ ਵੱਲੋਂ ਨਾ ਪਸੰਦ ਕੀਤਾ ਗਿਆ ਸੀ ਤੇ ਉਸ ਨੇ ਇਹ ਕਦਮ ਚੁੱਕਿਆ ਸੀ। ਉਸ ਨੇ ਹੋਰ ਵੀ ਕਈ ਅਜਿਹੇ ਲੋਕਾਂ ਦੀਆਂ ਪੋਸਟਾਂ ਸਾਂਝੀਆਂ ਕੀਤੀਆਂ ਸਨ, ਜੋ ਔਰਤਾਂ ਵੱਲੋਂ ਮਿਲੇ ਧੋਖੇ ਜਾਂ ਨਫਰਤ ਕਾਰਨ ਉਨ੍ਹਾਂ ਦਾ ਕਤਲ ਕਰ ਚੁੱਕੇ ਸਨ।