ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਮਾਂ ਨੇ ਕਿਹਾ- ਹੁਣ ਕਦੇ ਆਪਣੇ ਪੁੱਤ ਨੂੰ ਨਹੀਂ ਦੇਖ ਸਕਾਂਗੀ

Thursday, Mar 22, 2018 - 12:40 PM (IST)

ਟੋਰਾਂਟੋ— ਬੀਤੇ ਹਫਤੇ ਕੈਨੇਡਾ ਦੇ ਟੋਰਾਂਟੋ 'ਚ ਇਕ 26 ਸਾਲਾ ਨੌਜਵਾਨ ਨਮਾਦੀ ਓਬਗਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਕਾਤਲਾਂ ਨੇ ਓਬਗਾ ਦੀ ਪਿੱਠ 'ਤੇ ਕਈ ਗੋਲੀਆਂ ਮਾਰੀਆਂ ਸਨ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੋਲੀਬਾਰੀ ਦੀ ਘਟਨਾ ਸਕਾਰਲੇਟਵੁੱਡ ਕੋਰਟ ਨੇੜੇ ਸਕਾਟਲੇਟ ਰੋਡ ਅਤੇ ਪੱਛਮੀ ਆਫ ਲਾਰੈਂਸ 'ਤੇ ਬੀਤੇ ਸ਼ੁੱਕਰਵਾਰ ਦੀ ਰਾਤ ਨੂੰ ਤਕਰੀਬਨ 11.00 ਵਜੇ ਵਾਪਰੀ। ਓਬਗਾ ਆਪਣੇ ਦੋਸਤ ਨੂੰ ਮਿਲਣ ਗਿਆ ਸੀ, ਜਦੋਂ ਉਹ ਵਾਪਸ ਆਪਣੇ ਘਰ ਲਈ ਨਿਕਲਿਆ ਤਾਂ ਸਕਾਰਲੇਟਵੁੱਡ ਰੋਡ 'ਤੇ ਉਸ ਦਾ ਦੋ ਵਿਅਕਤੀਆਂ ਵਲੋਂ ਪਿਛਾ ਕੀਤਾ ਗਿਆ ਅਤੇ ਗੋਲੀਆਂ ਮਾਰੀਆਂ ਗਈਆਂ। ਪੁਲਸ ਓਬਗਾ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ 'ਚ ਜੁੱਟੀ ਹੋਈ ਹੈ। ਓਧਕ ਓਬਗਾ ਦੇ ਮਾਤਾ-ਪਿਤਾ ਨੇ ਚਸ਼ਮਦੀਦਾਂ ਨੂੰ ਅੱਗੇ ਆਉਣ ਅਤੇ ਮਦਦ ਦੀ ਅਪੀਲ ਕੀਤੀ ਹੈ।


ਓਬਗਾ ਦੀ ਮਾਂ ਨੇ ਕਿਹਾ ਕਿ ਮੇਰਾ ਪੁੱਤਰ ਬੇਕਸੂਰ ਸੀ, ਜਿਸ ਨੂੰ ਬਿਨਾਂ ਕਿਸੇ ਗੱਲ ਤੋਂ ਮਾਰ ਦਿੱਤਾ ਗਿਆ। ਓਬਗਾ ਦੀ ਮਾਂ ਮਾਰਗ੍ਰੇਟ ਨੁਸੇਊ ਨੇ ਕਿਹਾ ਕਿ ਮੇਰਾ ਪੁੱਤਰ ਬਹੁਤ ਹੀ ਸ਼ਾਂਤ ਸੁਭਾਅ ਦਾ ਅਤੇ ਈਮਾਨਦਾਰ ਸੀ। ਉਹ ਕਦੇ ਕਿਸੇ ਨਾਲ ਲੜਦਾ ਨਹੀਂ ਸੀ ਅਤੇ ਉਹ ਬਹੁਤ ਹੁਸ਼ਿਆਰ ਸੀ। ਮਾਂ ਮਾਰਗ੍ਰੇਟ ਨੇ ਕਿਹਾ ਕਿ ਉਸ ਦਾ ਪੁੱਤਰ ਆਪਣੇ ਦੋਸਤ ਨੂੰ ਮਿਲਣ ਗਿਆ ਸੀ, ਜਦੋਂ ਉਸ ਨੂੰ ਗੋਲੀਆਂ ਮਾਰੀਆਂ ਗਈਆਂ। ਮਾਂ ਨੇ ਕਿਹਾ ਕਿ ਹੁਣ ਕਦੇ ਉਹ ਆਪਣੇ ਪੁੱਤਰ ਨੂੰ ਨਹੀਂ ਦੇਖ ਸਕੇਗੀ। ਮਾਂ ਨੇ ਅੱਗੇ ਦੱਸਿਆ ਕਿ ਘਰੋਂ ਜਾਣ ਤੋਂ ਕੁਝ ਮਿੰਟ ਪਹਿਲਾਂ ਹੀ ਉਸ ਨੇ ਫੁੱਟਬਾਲ ਗੇਮ ਖੇਡਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਸੀ। 
ਮਾਰਗ੍ਰੇਟ ਨੇ ਕਿਹਾ ਕਿ ਉਸ ਦਾ ਪੁੱਤਰ 10 ਸਾਲ ਪਹਿਲਾਂ ਕੈਨੇਡਾ ਆਇਆ ਸੀ ਅਤੇ ਉਹ ਓਨਟਾਰੀਓ 'ਚ ਇਲੈਕਟ੍ਰਾਨਿਕ ਇੰਜੀਨੀਅਰਿੰਗ ਕਰ ਰਿਹਾ ਸੀ। ਉਹ ਪਰਿਵਾਰ ਦਾ ਪੂਰਾ ਸਹਿਯੋਗ ਕਰਦਾ ਸੀ, ਮੈਨੂੰ ਆਪਣੇ ਪੁੱਤਰ 'ਤੇ ਮਾਣ ਹੈ। ਮਾਰਗ੍ਰੇਟ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਮੌਤ ਦੀ ਖਬਰ ਸ਼ਨੀਵਾਰ ਦੀ ਸਵੇਰ ਨੂੰ ਮਿਲੀ, ਜਦੋਂ ਪੁਲਸ ਉਨ੍ਹਾਂ ਦੇ ਘਰ ਆਈ ਅਤੇ ਓਬਗਾ ਦੇ ਪਿਤਾ ਨਾਲ ਉਸ ਦੀ ਮੌਤ ਦੀ ਖਬਰ ਸਾਂਝੀ ਕੀਤੀ। ਓਬਗਾ ਦੀ ਮੌਤ ਦੀ ਵੀਡੀਓ ਨੂੰ ਦਿਖਾਇਆ। ਪਿਤਾ ਨੇ ਦੱਸਿਆ ਕਿ ਮੇਰੇ ਪੁੱਤਰ ਨੂੰ ਬਹੁਤ ਹੀ ਬੇਰਹਿਮੀ ਭਰੇ ਤਰੀਕੇ ਨਾਲ ਮਾਰਿਆ ਗਿਆ।