ਸਪੇਨ ''ਚ ਕਰੀਬ 2 ਮਹੀਨਿਆਂ ਬਾਅਦ ਅੱਜ ਹੋਈਆਂ ਸਭ ਤੋਂ ਘੱਟ ਮੌਤਾਂ

05/11/2020 8:00:59 PM

ਮੈਡ੍ਰਿਡ - ਕੋਰੋਨਾਵਾਇਰਸ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸਪੇਨ ਵਿਚ ਪਿਛਲੇ 24 ਘੰਟਿਆਂ ਦੌਰਾਨ 123 ਲੋਕਾਂ ਦੀ ਮੌਤ ਹੋਈ ਹੈ ਜੋ ਬੀਤੀ 18 ਮਾਰਚ ਤੋਂ ਬਾਅਦ ਸਭ ਤੋਂ ਘੱਟ ਹੈ। ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਠੀਕ ਇਕ ਦਿਨ ਪਹਿਲਾਂ ਕੋਰੋਨਾ ਨਾਲ 143 ਲੋਕਾਂ ਦੀ ਮੌਤ ਹੋਈ ਸੀ ਜਦਕਿ ਬੀਤੀ 18 ਮਾਰਚ ਨੂੰ 107 ਲੋਕਾਂ ਦੀ ਮੌਤ ਹੋਈ ਸੀ। ਇਸ ਦੇ ਨਾਲ ਮਿ੍ਰਤਕਾਂ ਦੀ ਗਿਣਤੀ ਵਧ ਕੇ 26,744 ਹੋ ਗਈ ਹੈ।

ਕੋਰੋਨਾਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿਚ ਅਮਰੀਕਾ, ਬਿ੍ਰਟੇਨ ਅਤੇ ਇਟਲੀ ਤੋਂ ਬਾਅਦ ਸਪੇਨ ਦਾ ਚੌਥਾ ਨੰਬਰ ਹੈ। ਵਾਇਰਸ ਦੇ ਮਾਮਲੇ ਵਿਚ ਸਭ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਅਮਰੀਕਾ ਤੋਂ ਬਾਅਦ ਸਪੇਨ ਦੂਜੇ ਨੰਬਰ 'ਤੇ ਹੈ। ਪਿਛਲੇ 24 ਘੰਟਿਆਂ ਦੌਰਾਨ 373 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਭਾਵਿਤਾਂ ਦੀ ਗਿਣਤੀ ਵਧ ਕੇ 2,27,436 ਹੋ ਗਈ ਹੈ। ਵਾਇਰਸ ਤੋਂ ਪ੍ਰਭਾਵਿਤ ਮਾਮਲਿਆਂ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਕਿਉਂਕਿ ਇਕ ਦਿਨ ਪਹਿਲਾਂ 621 ਨਵੇਂ ਮਾਮਲੇ ਸਾਹਮਣੇ ਸਨ। ਇਸ ਤੋਂ ਇਲਾਵਾ ਇਸ ਦੌਰਾਨ 973 ਲੋਕਾਂ ਦੇ ਰੀ-ਕਵਰ ਹੋਣ ਤੋਂ ਬਾਅਦ ਇਥੇ ਰੀ-ਕਵਰ ਹੋ ਚੁੱਕੇ ਲੋਕਾਂ ਦੀ ਗਿਣਤੀ 1,37,000 ਹੋ ਗਈ ਹੈ। ਸਰਗਰਮ ਮਾਮਲਿਆਂ ਦੀ ਗਿਣਤੀ ਵਿਚ ਵੀ ਕਮੀ ਆਈ ਹੈ ਅਤੇ ਇਹ ਘੱਟ ਕੇ 63,500 ਰਹਿ ਗਈ ਹੈ। ਦੇਸ਼ ਵਿਚ ਹੁਣ ਤੱਕ 48,320 ਡਾਕਟਰ ਕੋਰੋਨਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ 40 ਦੀ ਮੌਤ ਹੋ ਗਈ ਹੈ।

Khushdeep Jassi

This news is Content Editor Khushdeep Jassi