ਕੈਨੇਡਾ ਦੇ ਇਸ ਸੂਬੇ ''ਚ ਹਜ਼ਾਰਾਂ ਲੋਕ ਹਨ ਘਰੋਂ ਬੇਘਰ

09/26/2017 9:01:25 PM

ਟੋਰਾਂਟੋ— ਚੰਗੀ ਨੌਕਰੀ ਤੇ ਪੈਸਿਆਂ ਲਈ ਕੈਨੇਡਾ ਜਾਣਾ ਕਈ ਭਾਰਤੀਆਂ ਦਾ ਸੁਪਨਾ ਹੈ ਪਰ ਕੈਨੇਡਾ ਦੇ ਓਨਟਾਰੀਓ ਸੂਬੇ 'ਚ ਹਜ਼ਾਰਾਂ ਲੋਕ ਘਰੋਂ ਬੇਘਰ ਹਨ। ਇਕ ਰਿਪੋਰਟ 'ਚ ਪਤਾ ਲੱਗਿਆ ਹੈ ਕਿ ਓਨਟਾਰੀਓ ਦੇ 12 ਹਜ਼ਾਰ ਲੋਕਾਂ ਦੇ ਸਿਰ 'ਤੇ ਛੱਤ ਨਹੀਂ ਹੈ ਤੇ ਰੈਣ-ਬਸੇਰਿਆਂ ਦੀ ਕਮੀ ਕਾਰਨ ਬੇਘਰ ਲੋਕਾਂ ਦੀਆਂ ਮੁਸ਼ਕਲਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ।
ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ 2016 'ਚ 310 ਰੈਣ ਬਸੇਰੇ ਚੱਲ ਰਹੇ ਸਨ ਅਤੇ ਇਹ ਗਿਣਤੀ 2011 ਦੇ ਮੁਕਾਬਲੇ 30 ਫ਼ੀ ਸਦੀ ਘੱਟ ਹੈ। ਓਟਾਵਾ ਤੇ ਟੋਰਾਂਟੋ ਵਿਖੇ ਸਥਿਤ 7 ਰੈਣ-ਬਸੇਰਿਆਂ ਨੇ ਕਿਹਾ ਕਿ ਉਨ੍ਹਾਂ ਦੇ ਹਾਲ ਨੱਕੋ-ਨੱਕ ਭਰੇ ਹੋਏ ਹਨ। ਓਨਟਾਰੀਓ ਸਰਕਾਰ ਕੋਲ ਰੈਣ-ਬਸੇਰਿਆਂ ਬਾਰੇ ਪੱਕਾ ਅੰਕੜਾ ਨਹੀਂ ਹੈ ਕਿਉਂਕਿ ਇਹ ਸਿੱਧੇ ਤੌਰ 'ਤੇ ਸਰਕਾਰ ਦੇ ਅਧੀਨ ਨਹੀਂ ਆਉਂਦੇ। ਸਰਕਾਰ ਵੱਲੋਂ ਜਾਰੀ ਕੀਤੇ ਜਾਣ ਵਾਲੇ ਫੰਡ ਮਿਊਂਸਪੈਲਟੀਜ਼ ਅਤੇ ਖ਼ੈਰਾਤੀ ਸੰਸਥਾਵਾਂ ਰਾਹੀਂ ਰੈਣ-ਬਸੇਰਿਆਂ ਤੱਕ ਪੁਜਦੇ ਹਨ।