ਇੰਗਲੈਂਡ ਦੀ PM ਦੀ ਜਾ ਸਕਦੀ ਹੈ ਕੁਰਸੀ, MPs ਨੇ ਖੋਲ੍ਹਿਆ ਥੈਰੇਸਾ ਖਿਲਾਫ ਮੋਰਚਾ

12/12/2018 2:54:46 PM

ਲੰਡਨ— ਇੰਗਲੈਂਡ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੂੰ ਬੁੱਧਵਾਰ ਪਾਰਟੀ ਅੰਦਰ ਬੇਭਰੋਸਗੀ ਵੋਟਿੰਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਦੀ ਪਾਰਟੀ ਦੇ ਹੀ ਕੁਝ ਸੰਸਦ ਮੈਂਬਰਾਂ (ਐੱਮ. ਪੀ.) ਨੇ ਥੈਰੇਸਾ ਮੇ ਖਿਲਾਫ ਇਹ ਮੋਰਚਾ ਖੋਲ੍ਹਿਆ ਹੈ। ਜੇਕਰ ਪਾਰਟੀ ਦੀ ਵੋਟਿੰਗ 'ਚ ਥੈਰੇਸਾ ਹਾਰਦੀ ਹੈ ਤਾਂ ਉਨ੍ਹਾਂ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਖੁੱਸ ਜਾਵੇਗੀ। ਜਾਣਕਾਰੀ ਮੁਤਾਬਕ ਕੰਜ਼ਰਵੇਟਿਵ ਪਾਰਟੀ ਦੇ 48 ਸੰਸਦ ਮੈਂਬਰਾਂ ਨੇ ਥੈਰੇਸਾ ਮੇ 'ਚ ਭਰੋਸੇ ਦੀ ਕਮੀ ਪ੍ਰਗਟ ਕੀਤੀ ਹੈ।

ਬੇਭਰੋਸਗੀ ਵੋਟਿੰਗ ਲਈ ਉਨ੍ਹਾਂ ਦੀ ਪਾਰਟੀ ਦੇ 15 ਫੀਸਦੀ ਐੱਮ. ਪੀਜ਼. ਦਾ ਲੀਡਰਸ਼ਿਪ ਖਿਲਾਫ ਕਮੇਟੀ ਨੂੰ ਲਿਖਣਾ ਜ਼ਰੂਰੀ ਸੀ। ਮੌਜੂਦਾ ਸਮੇਂ ਕੰਜ਼ਰਵੇਟਿਵ ਪਾਰਟੀ ਦੇ 315 ਐੱਮ. ਪੀਜ਼. ਹਨ। ਇਸ ਲਈ ਥੈਰੇਸਾ ਮੇ ਖਿਲਾਫ ਇਹ ਪ੍ਰਸਤਾਵ ਲਿਆਉਣ ਲਈ 48 ਐੱਮ. ਪੀਜ਼. ਦੀ ਗਿਣਤੀ ਇਸ ਮੁਤਾਬਕ ਹੀ ਹੈ। ਥੈਰੇਸਾ ਮੇ ਨੂੰ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਅਹੁਦੇ 'ਤੇ ਬਣੇ ਰਹਿਣ ਲਈ 158 ਐੱਮ. ਪੀਜ਼. ਦੇ ਸਮਰਥਨ ਦੀ ਜ਼ਰੂਰਤ ਹੋਵੇਗੀ। ਜੇਕਰ ਉਹ ਜਿੱਤਦੀ ਹੈ ਤਾਂ ਅਗਲੇ ਇਕ ਸਾਲ ਤਕ ਉਨ੍ਹਾਂ ਖਿਲਾਫ ਇਸ ਤਰ੍ਹਾਂ ਦਾ ਪ੍ਰਸਤਾਵ ਨਹੀਂ ਪੇਸ਼ ਕੀਤਾ ਜਾ ਸਕੇਗਾ। 
ਹਾਲਾਂਕਿ ਜੇਕਰ ਉਨ੍ਹਾਂ ਦੇ ਸਮਰਥਨ 'ਚ ਜ਼ਰੂਰੀ ਵੋਟ ਨਾ ਪਏ ਤਾਂ ਥੈਰੇਸਾ ਨੂੰ ਅਸਤੀਫਾ ਦੇਣਾ ਪਵੇਗਾ ਅਤੇ ਪਾਰਟੀ ਵੱਲੋਂ ਨਵੇਂ ਲੀਡਰ ਦੀ ਚੋਣ ਕੀਤੀ ਜਾਵੇਗੀ। ਕੰਜ਼ਰਵੇਟਿਵ ਪਾਰਟੀ ਇੰਗਲੈਂਡ ਦੀ ਸਭ ਤੋਂ ਵੱਡੀ ਪਾਰਟੀ ਹੈ ਅਤੇ ਪਾਰਟੀ ਜਿਸ ਐੱਮ. ਪੀ. ਨੂੰ ਵੀ ਲੀਡਰ ਦੇ ਤੌਰ 'ਤੇ ਚੁਣੇਗੀ ਉਹ ਆਪਣੇ-ਆਪ ਪ੍ਰਧਾਨ ਮੰਤਰੀ ਬਣ ਜਾਵੇਗਾ। ਥੈਰੇਸਾ ਮੇ ਦੀ ਕੁਰਸੀ ਜਾਣ ਪਿੱਛੋਂ ਬੋਰਿਸ ਜਾਨਸਨ, ਡੇਵਿਡ ਡੈਵਿਸ ਅਤੇ ਪੈਨੀ ਮੌਰਡੇਂਟ ਪੀ. ਐੱਮ. ਉਮੀਦਵਾਰ ਦੀ ਦੌੜ 'ਚ ਸ਼ਾਮਲ ਹੋ ਸਕਦੇ ਹਨ। ਬਰਤਾਨਵੀ-ਪਾਕਿਸਤਾਨੀ ਸਾਜਿਦ ਜਾਵੇਦ ਵੀ ਯੂ. ਕੇ. ਦੇ ਪ੍ਰਧਾਨ ਮੰਤਰੀ ਅਹੁਦੇ ਲਈ ਚੋਟੀ ਦੇ ਦਾਅਵੇਦਾਰਾਂ 'ਚ ਸ਼ਾਮਲ ਹਨ।