ਯੂ. ਕੇ. ਦੀ ਪ੍ਰਧਾਨ ਮੰਤਰੀ ਥੈਰੇਸਾ ਨੂੰ ਵੱਡੀ ਰਾਹਤ, 200 MPs ਨੇ ਬਚਾਈ ਕੁਰਸੀ

12/13/2018 8:46:40 AM

ਲੰਡਨ, (ਏਜੰਸੀ)— ਯੂ. ਕੇ. ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਬੁੱਧਵਾਰ ਦੀ ਸ਼ਾਮ ਨੂੰ ਆਪਣੀ ਲੀਡਰਸ਼ਿਪ 'ਚ ਭਰੋਸੇ ਦਾ ਅਹਿਮ ਵੋਟ ਜਿੱਤਿਆ ਹੈ। ਉਨ੍ਹਾਂ ਦੀ ਪਾਰਟੀ ਦੇ 48 ਮੈਂਬਰਾਂ ਨੇ ਬੁੱਧਵਾਰ ਬੇਭਰੋਸਗੀ ਪ੍ਰਸਤਾਵ ਲਿਆਂਦਾ ਸੀ। ਇਸ ਪ੍ਰਸਤਾਵ 'ਤੇ ਇੰਗਲੈਂਡ ਦੇ ਸਥਾਨਕ ਸਮੇਂ ਮੁਤਾਬਕ ਬੁੱਧਵਾਰ ਸ਼ਾਮ 6 ਵਜੇ ਗੁਪਤ ਵੋਟਿੰਗ ਸ਼ੁਰੂ ਹੋਈ ਅਤੇ 8 ਵਜੇ ਖਤਮ ਹੋਈ। ਥੈਰੇਸਾ ਨੇ ਲੀਡਰਸ਼ਿਪ ਦਾ ਇਹ ਚੈਲੰਜ 200 ਐੱਮ. ਪੀਜ਼. ਦੇ ਸਮਰਥਨ ਨਾਲ ਜਿੱਤਿਆ। ਹਾਲਾਂਕਿ ਉਨ੍ਹਾਂ ਦੇ ਖਿਲਾਫ 117 ਐੱਮ. ਪੀਜ਼. ਨੇ ਵੋਟਿੰਗ ਕੀਤੀ, ਯਾਨੀ ਕੰਜ਼ਰਵੇਟਿਵ ਪਾਰਟੀ ਅੰਦਰ ਸਭ ਕੁਝ ਠੀਕ-ਠਾਕ ਨਹੀਂ ਚੱਲ ਰਿਹਾ ਹੈ।

ਪਾਰਟੀ ਦੀ ਕਮਾਨ ਆਪਣੇ ਹੱਥ 'ਚ ਰੱਖਣ ਤੇ ਇੰਗਲੈਂਡ ਦੀ ਪ੍ਰਧਾਨ ਮੰਤਰੀ ਬਣੇ ਰਹਿਣ ਲਈ ਥੈਰੇਸਾ ਨੂੰ 317 ਐੱਮ. ਪੀਜ਼. 'ਚੋਂ 159 ਦਾ ਸਮਰਥਨ ਹਾਸਲ ਕਰਨਾ ਜ਼ਰੂਰੀ ਸੀ। ਥੈਰੇਸਾ ਖਿਲਾਫ ਬੇਭਰੋਸਗੀ ਮਤਾ ਫੇਲ੍ਹ ਹੋਣ ਨਾਲ ਹੁਣ ਉਨ੍ਹਾਂ ਖਿਲਾਫ ਅਗਲੇ ਇਕ ਸਾਲ ਤਕ ਇਹ ਪ੍ਰਸਤਾਵ ਨਹੀਂ ਪੇਸ਼ ਕੀਤਾ ਜਾ ਸਕਦਾ।

1922 ਕਮੇਟੀ (ਕੰਜ਼ਰਵੇਟਿਵ ਪਾਰਟੀ ਦੇ ਨਿੱਜੀ ਮੈਂਬਰਾਂ ਦੀ ਕਮੇਟੀ) ਦੇ ਮੁਖੀ ਗ੍ਰਾਹਮ ਬ੍ਰੈਡੀ ਨੇ ਨਤੀਜਿਆਂ ਦੀ ਘੋਸ਼ਣਾ ਕਰਦੇ ਹੋਏ ਕਿਹਾ, ''ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਮੇਅ ਨੂੰ ਨੇਤਾ ਬਣੇ ਰਹਿਣ 'ਚ ਵਿਸ਼ਵਾਸ ਪ੍ਰਗਟਾਇਆ ਹੈ।'' ਜ਼ਿਕਰਯੋਗ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ 48 ਸੰਸਦ ਮੈਂਬਰਾਂ ਨੇ ਮੇਅ ਖਿਲਾਫ ਬੇਭਰੋਸਗੀ ਪ੍ਰਸਤਾਵ ਪੇਸ਼ ਕੀਤਾ ਸੀ। ਜੇਕਰ ਮੇਅ ਇਸ ਪ੍ਰਸਤਾਵ 'ਚ ਹਾਰ ਜਾਂਦੀ ਤਾਂ ਉਨ੍ਹਾਂ ਨੂੰ ਪਾਰਟੀ ਦੀ ਨੇਤਾ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪੈਂਦਾ।ਨਤੀਜਿਆਂ ਮਗਰੋਂ ਮੇਅ ਨੇ ਮੀਡੀਆ ਨੂੰ ਕਿਹਾ ਕਿ ਉਸ ਦਾ ਸਾਥ ਦੇਣ ਵਾਲੇ ਸੰਸਦ ਮੈਂਬਰਾਂ ਦੀ ਉਹ ਧੰਨਵਾਦੀ ਹੈ।