ਅਮਰੀਕਾ-ਈਰਾਨ ਤਣਾਅ ਹੈ 66 ਸਾਲ ਪੁਰਾਣਾ, ਜਾਣੋ ਇਸ ਦੀ ਵਜ੍ਹਾ

01/08/2020 5:38:01 PM

ਨਵੀਂ ਦਿੱਲੀ — ਅਮਰੀਕਾ ਅਤੇ ਇਰਾਨ ਵਿਚਕਾਰ ਜਾਰੀ ਵਿਵਾਦ ਕੋਈ ਨਵਾਂ ਨਹੀਂ ਇਹ ਅੱਜ ਤੋਂ 66 ਸਾਲ ਪੁਰਾਣਾ ਹੈ। ਅਮਰੀਕਾ ਅਤੇ ਈਰਾਨ ਦਰਮਿਆਨ ਸੁਲਘ ਰਿਹਾ ਦਹਾਕਿਆਂ ਪੁਰਾਣਾ ਵਿਵਾਦ ਫਿਰ ਤੋਂ ਭੱਖ ਉੱਠਿਆ ਹੈ ਜਿਸ ਕਾਰਨ ਮੱਧ-ਪੂਰਬ 'ਚ ਜੰਗ ਵਰਗੇ ਹਾਲਾਤ ਬਣਦੇ ਜਾ ਰਹੇ ਹਨ। ਅਮਰੀਕਾ ਨੇ ਵੀਰਾਵਾਰ ਨੂੰ ਈਰਾਕ 'ਚ ਏਅਰ ਸਟ੍ਰਾਈਕ ਕਰਕੇ  ਟਾਪ ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਈਰਾਨ ਜਵਾਬੀ ਕਾਰਵਾਈ ਕਰਦੇ ਹੋਏ ਈਰਾਕ ਸਥਿਤ ਅਮਰੀਕੀ ਫੌਜ ਟਿਕਾਣਿਆਂ 'ਤੇ ਦੋ ਵਾਰ ਹਮਲਾ ਕਰ ਚੁੱਕਾ ਹੈ। ਇਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਚਿਤਾਵਨੀ ਦਿੰਦੇ ਹੋਏ ਟਵੀਟ ਕੀਤਾ ਹੈ ਕਿ 'ਅਸੀਂ ਕੱਲ੍ਹ ਸਵੇਰੇ ਵੱਡਾ ਫੈਸਲਾ ਕਰਾਂਗੇ'। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਜਵਾਬੀ ਕਾਰਵਾਈ ਦੇ ਤਹਿਤ ਵੱਡਾ ਕਦਮ ਚੁੱਕ ਸਕਦਾ ਹੈ। ਸਾਡੇ ਕੋਲ ਦੁਨੀਆ ਦੀ ਮਜ਼ਬੂਤ ਫੌਜ ਹੈ। ਮੈਂ ਕੱਲ੍ਹ ਸਵੇਰੇ ਇਸ ਵਿਸ਼ੇ 'ਤੇ ਬਿਆਨ ਦੇਵਾਂਗਾ।

1. ਖੁਫੀਆ ਏਜੰਸੀਆਂ ਨੇ ਕਰਵਾਇਆ ਪਹਿਲੀ ਵਾਰ ਤਖਤਾ ਪਲਟ

ਸਾਲ 1953 'ਚ ਅਮਰੀਕੀ ਖੁਫੀਆ ਏਜੰਸੀ CIA ਨੇ ਬਿਟ੍ਰੇਨ ਦੀ MI-6 ਨਾਲ ਮਿਲ ਕੇ ਈਰਾਨ ਦਾ ਤਖਤਾ ਪਲਟ ਕਰਵਾਇਆ। ਦੋਵਾਂ ਖੁਫੀਆ ਏਜੰਸੀਆਂ ਨੇ ਆਪਣੇ ਫਾਇਦੇ ਲਈ ਈਰਾਨ ਦੇ ਚੁਣੇ ਗਏ ਪ੍ਰਧਾਨ ਮੰਤਰੀ ਮੁਹੰਮਦ ਮੋਸਾਦੇਗ ਨੂੰ ਸੱਤਾ ਤੋਂ ਬੇਦਖਲ ਕਰਕੇ ਈਰਾਨ ਦੇ ਸ਼ਾਹ ਰਜ਼ਾ ਪਹਿਲਵੀ ਨੂੰ ਗੱਦੀ 'ਤੇ ਬਿਠਾ ਦਿੱਤਾ। ਇਸ ਤੋਂ ਬਾਅਦ ਅਮਰੀਕਾ ਅਤੇ ਬ੍ਰਿਟੇਨ ਦੇ ਉਦਯੋਗਪਤੀਆਂ ਨੇ ਲੰਬੇ ਸਮੇਂ ਤੱਕ ਈਰਾਨੀ ਤੇਲ ਦਾ ਵਪਾਰ ਕਰਕੇ ਮੁਨਾਫਾ ਕਮਾਇਆ ਜਦੋਂ ਕਿ ਮੁਹੰਮਦ ਮੋਸਾਦੇਗ ਤੇਲ ਕੰਪਨੀਆਂ ਦਾ ਰਾਸ਼ਟਰੀਕਰਨ ਕਰਨਾ ਚਾਹੁੰਦਾ ਸੀ। ਕਿਸੇ ਵਿਦੇਸ਼ੀ ਨੇਤਾ ਨੂੰ ਸ਼ਾਂਤਮਈ ਸਮੇਂ 'ਚ ਹਰਾਉਣ ਦਾ ਕੰਮ ਪਹਿਲੀ ਵਾਰ ਅਮਰੀਕਾ ਨੇ ਈਰਾਨ ਵਿਚ ਕੀਤਾ ਸੀ। ਪਰ ਇਹ ਆਖਰੀ ਨਹੀਂ ਸੀ। ਇਸ ਤੋਂ ਬਾਅਦ ਅਮਰੀਕਾ ਦੀ ਵਿਦੇਸ਼ ਨੀਤੀ ਦਾ ਇਹ ਇਕ ਤਰ੍ਹਾਂ ਦਾ ਹਿੱਸਾ ਬਣ ਗਿਆ।

2. 1979 ਦੀ ਈਰਾਨੀ ਕ੍ਰਾਂਤੀ

ਇਸ ਤੋਂ ਬਾਅਦ ਇਕ ਵਾਰ ਫਿਰ ਅਮਰੀਕਾ ਨੇ 1979 'ਚ ਈਰਾਨ ਦੇ ਸ਼ਾਹ ਰਜ਼ਾ ਪਹਿਲਵੀ ਨੂੰ ਲੋਕਤੰਤਰ ਦੇ ਨਾਮ 'ਤੇ ਸੱਤਾ ਤੋਂ ਹਟਾ ਕੇ ਅਯਤੋਲਲਾਹ ਰੂਹੋਲਲਾਹ ਖੁਮੈਨੀ ਨੂੰ ਸੱਤਾ 'ਚ ਲਿਆਉਣ ਲਈ ਅਪ੍ਰਤੱਖ ਰੂਪ ਨਾਲ ਉਸਦੀ ਸਹਾਇਤਾ ਕੀਤੀ। ਅਯਤੋਲਲਾਹ ਰੂਹੋਲਲਾਹ ਖੁਮੈਨੀ 1 ਫਰਵਰੀ 1979 ਨੂੰ ਈਰਾਨ ਪਰਤੇ ਅਤੇ ਸੱਤਾ ਸੰਭਾਲੀ। 1979 'ਚ ਈਰਾਨ 'ਚ ਇਸਲਾਮਿਕ ਕ੍ਰਾਂਤੀ ਤੋਂ ਪਹਿਲਾਂ ਖੁਮੈਨੀ ਤੁਰਕੀ, ਈਰਾਕ ਅਤੇ ਪੈਰਿਸ 'ਚ ਰਹਿ ਰਹੇ ਸਨ। ਖੁਮੈਨੀ, ਸ਼ਾਹ ਪਹਿਲਵੀ ਦੀ ਅਗਵਾਈ 'ਚ ਈਰਾਨ ਦੇ ਪੱਛਮੀਕਰਨ ਅਤੇ ਅਮਰੀਕਾ 'ਤੇ ਵਧਦੀ ਨਿਰਭਰਤਾ ਲਈ ਉਨ੍ਹਾਂ ਨੂੰ ਨਿਸ਼ਾਨੇ 'ਤੇ ਲੈਂਦੇ ਸਨ।
ਸੱਤਾ 'ਚ ਆਉਂਦੇ ਹੀ ਖੁਮੈਨੀ ਨੇ ਆਪਣੇ ਅਸਲੀ ਰੰਗ ਦਿਖਾਉਣੇ ਸ਼ੁਰੂ ਕੀਤੇ ਅਤੇ ਕੱਟੜ ਖੁਮੈਨੀ ਦੀ ਉਦਾਰਤਾ 'ਚ ਅਚਾਨਕ ਬਦਲਾਅ ਆ ਗਿਆ। ਉਨ੍ਹਾਂ ਨੇ ਖੁਦ ਨੂੰ ਵਾਮਪੰਥੀ ਅੰਦੋਲਨਾਂ ਤੋਂ ਵੱਖ ਕਰ ਲਿਆ ਅਤੇ ਵਿਰੋਧੀ ਆਵਾਜ਼ਾਂ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ। ਕ੍ਰਾਂਤੀ ਦੇ ਨਤੀਜਿਆਂ ਦੇ ਤੁਰੰਤ ਬਾਅਦ ਈਰਾਨ ਅਤੇ ਅਮਰੀਕਾ ਦੇ ਸਿਆਸੀ ਸੰਬੰਧ ਖਤਮ ਹੋ ਗਏ।

3. ਅੰਬੈਸੀ ਦਾ ਸੰਕਟ

ਈਰਾਨ ਅਤੇ ਅਮਰੀਕਾ ਦਰਮਿਆਨ ਕੂਟਨੀਤਕ ਸਬੰਧਾਂ ਦੇ ਅੰਤ ਤੋਂ ਬਾਅਦ 1979 ਵਿਚ ਤਹਿਰਾਨ ਵਿਚ ਈਰਾਨੀ ਵਿਦਿਆਰਥੀਆਂ ਦੇ ਇਕ ਸਮੂਹ ਨੇ ਅਮਰੀਕੀ ਦੂਤਾਵਾਸ ਨੂੰ ਆਪਣੇ ਕਬਜ਼ੇ ਵਿਚ ਲੈ ਕੇ 52 ਅਮਰੀਕੀ ਨਾਗਰਿਕਾਂ ਨੂੰ ਇਕ ਸਾਲ ਤੋਂ ਵੱਧ ਸਮੇਂ ਲਈ ਬੰਧਕ ਬਣਾ ਕੇ ਰੱਖਿਆ।  ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਇਸ ਘਟਨਾ ਨੂੰ ਖੁਮੈਨੀ ਦਾ ਮੌਨ ਸਮਰਥਨ ਪ੍ਰਾਪਤ ਸੀ।



ਇਸ ਸਭ ਦੇ ਵਿਚਕਾਰ 1980 ਵਿਚ ਸੱਦਾਮ ਹੁਸੈਨ ਨੇ ਈਰਾਨ ਉੱਤੇ ਹਮਲਾ ਕਰ ਦਿੱਤਾ। ਈਰਾਨ ਅਤੇ ਇਰਾਕ ਵਿਚਕਾਰ ਅੱਠ ਸਾਲ ਤੱਕ ਲੜਾਈ ਜਾਰੀ ਰਹੀ ।ਇਸ ਜੰਗ ਵਿਚ ਤਕਰੀਬਨ ਪੰਜ ਲੱਖ ਈਰਾਨੀ ਅਤੇ ਇਰਾਕੀ ਸੈਨਿਕ ਮਾਰੇ ਗਏ। ਇਸ ਯੁੱਧ ਵਿਚ ਅਮਰੀਕਾ ਸੱਦਾਮ ਹੁਸੈਨ ਦੇ ਨਾਲ ਸੀ। ਇਥੋਂ ਤਕ ਕਿ ਸੋਵੀਅਤ ਯੂਨੀਅਨ ਨੇ ਵੀ ਸੱਦਾਮ ਹੁਸੈਨ ਦੀ ਮਦਦ ਕੀਤੀ ਸੀ।

4. US-ਈਰਾਨ ਪ੍ਰਮਾਣੂ ਸਮਝੌਤਾ 

ਜਦੋਂ ਅਮਰੀਕਾ ਅਤੇ ਈਰਾਨ ਵਿਚਾਲੇ ਸੰਬੰਧਾਂ ਵਿਚਕਾਰ ਜਦੋਂ ਕੜਵਾਹਟ ਘਟਦੀ ਦਿਖੀ ਤਾਂ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਲ 2015 ਵਿਚ ਸੰਯੁਕਤ ਵਿਆਪਕ ਯੋਜਨਾ ਬਣਾਈ ਸੀ। ਫਿਰ ਅਮਰੀਕਾ ਨੇ ਈਰਾਨ ਨਾਲ ਪ੍ਰਮਾਣੂ ਸਮਝੌਤਾ ਕੀਤਾ, ਜਿਸ ਵਿਚ ਇਰਾਨ ਨੇ ਪ੍ਰਮਾਣੂ ਪ੍ਰੋਗਰਾਮ ਨੂੰ ਸੀਮਤ ਕਰਨ ਦੀ ਗੱਲ ਕੀਤੀ। ਹਾਲਾਂਕਿ, ਟਰੰਪ ਨੇ ਸੱਤਾ ਵਿਚ ਆਉਂਦੇ ਹੀ ਇਕਪਾਸੜ ਫੈਸਲਾ ਲੈ ਕੇ ਸੌਦੇ ਨੂੰ ਰੱਦ ਕਰ ਦਿੱਤਾ। ਇਸ ਦੇ ਨਾਲ ਹੀ ਈਰਾਨ 'ਤੇ ਕਈ ਨਵੀਆਂ ਪਾਬੰਦੀਆਂ ਵੀ ਲਗਾ ਦਿੱਤੀਆਂ ਗਈਆਂ ਸਨ।

ਟਰੰਪ ਨੇ ਨਾ ਸਿਰਫ ਇਰਾਨ 'ਤੇ ਪਾਬੰਦੀਆਂ ਲਗਾਈਆਂ ਸਗੋਂ ਦੁਨੀਆ ਦੇ ਦੇਸ਼ਾਂ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਜੋ ਕੋਈ ਵੀ ਇਸ ਦੇਸ਼ ਨਾਲ ਕਾਰੋਬਾਰ ਕਰੇਗਾ ਉਹ ਅਮਰੀਕਾ ਨਾਲ ਵਪਾਰਕ ਸੰਬੰਧ ਨਹੀਂ ਰੱਖ ਸਕੇਗਾ। ਇਸ ਨਾਲ ਅਮਰੀਕਾ ਅਤੇ ਯੂਰਪ ਵਿਚਾਲੇ ਮਤਭੇਦ ਵੀ ਸਾਹਮਣੇ ਆ ਗਏ।