ਇਸ ਚੀਜ਼ ਨੂੰ ਖਾਣ ਨਾਲ ਫੈਲ ਰਿਹੈ ਇਨਫੈਕਸ਼ਨ, ਰਹੋ ਸਾਵਧਾਨ !

06/29/2017 8:47:52 AM

ਟੋਰਾਂਟੋ— ਕੈਨੇਡਾ ਦੇ ਚਾਰ ਪ੍ਰੋਵਿੰਸਾਂ ਵਿੱਚ ਸੈਲਮੋਨੇਲਾ ਇਨਫੈਕਸ਼ਨ ਫੈਲਣ ਕਾਰਨ ਸੱਤ ਵਿਅਕਤੀ ਬਿਮਾਰ ਪੈ ਗਏ ਹਨ ਇਸ ਸੰਬੰਧੀ ਜਾਣਕਾਰੀ ਦੀ ਇੱÎਥੋਂ ਦੀ ਪਬਲਿਕ ਹੈਲਥ ਏਜੰਸੀ ਨੇ ਦਿੱਤੀ।
ਪ੍ਰੋਵਿੰਸ਼ੀਅਲ ਪਬਲਿਕ ਹੈਲਥ ਅਧਿਕਾਰੀ, ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਤੇ ਹੈਲਥ ਕੈਨੇਡਾ ਨਾਲ ਮਿਲ ਕੇ ਜਾਂਚ ਕਰ ਰਹੇ ਹਨ। ਇਹ ਵੀ ਦੱਸਿਆ ਗਿਆ ਕਿ ਸੈਲਮੋਨੇਲਾ ਵਰਗੀ ਇਨਫੈਕਸ਼ਨ ਫਰੋਜ਼ਨ ਤੇ ਕੱਚੇ ਚਿਕਨ ਪ੍ਰੋਡਕਟਸ ਵਿੱਚ ਹੋ ਸਕਦੀ ਹੈ।
ਅਲਬਰਟਾ ਵਿੱਚ ਚਾਰ, ਬ੍ਰਿਟਿਸ਼ ਕੋਲੰਬੀਆ, ਓਨਟਾਰੀਓ ਤੇ ਨਿਊ ਬਰੰਜ਼ਵਿੱਕ ਵਿੱਚ ਇੱਕ-ਇੱਕ ਵਿਅਕਤੀ ਦੇ ਬਿਮਾਰ ਪੈਣ ਦੀ ਖਬਰ ਮਿਲੀ ਹੈ। ਦੋ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਦਕਿ ਕਿਸੇ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ। ਰਿਪੋਰਟ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਬਿਮਾਰ ਹੋਣ ਵਾਲਿਆਂ ਵਿੱਚ ਵਧੇਰੇ ਪੁਰਸ਼ ਸ਼ਾਮਲ ਹਨ ਤੇ ਉਹ ਅਪ੍ਰੈਲ ਤੇ ਮਈ ਦੇ ਮਹੀਨੇ ਬਿਮਾਰ ਪਏ।
ਏਜੰਸੀ ਦਾ ਕਹਿਣਾ ਹੈ ਕਿ ਕੱਚੇ ਮੀਟ ਨੂੰ ਸਾਂਭਣ, ਇਸ ਦੀ ਸਹੀ ਤਿਆਰੀ ਕਰਨ ਤੇ ਪਕਾਉਣ ਦੇ ਢੰਗ ਤਰੀਕਿਆਂ ਵਿੱਚ ਸੁਧਾਰ ਕਰਕੇ ਇਸ ਤਰ੍ਹਾਂ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ। ਸੈਲਮੋਨੇਲਾ ਇਨਫੈਕਸ਼ਨ ਕਾਰਨ ਕੋਈ ਵੀ ਬਿਮਾਰ ਪੈ ਸਕਦਾ ਹੈ। ਪਰ ਇਨਫੈਂਟ, ਬੱਚੇ, ਸੀਨੀਅਰ ਤੇ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ, ਉਨ੍ਹਾਂ ਦੇ ਬਿਮਾਰ ਪੈਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ। ਇਸ ਇਨਫੈਕਸ਼ਨ ਦੀ ਚਪੇਟ ਵਿੱਚ ਆਉਣ ਵਾਲੇ ਕੁੱਝ ਦਿਨਾਂ ਦੇ ਅੰਦਰ ਹੀ ਤੰਦਰੁਸਤ ਹੋ ਜਾਂਦੇ ਹਨ। ਇਸ ਇਨਫੈਕਸ਼ਨ ਦੇ ਲੱਛਣਾਂ ਵਿੱਚ ਬੁਖਾਰ, ਤਰੇਲੀਆਂ, ਦਸਤ ਲੱਗਣੇ, ਢਿੱਡ ਵਿੱਚ ਮਰੋੜ, ਸਿਰ ਦੁਖਣਾ, ਜੀ ਮਚਲਨਾ ਮੁੱਖ ਹਨ ਤੇ ਇਹ ਚਾਰ ਤੋਂ ਸੱਤ ਦਿਨਾਂ ਤੱਕ ਰਹਿੰਦੇ ਹਨ।