ਸਾਊਦੀ ਅਰਬ ਦੇ ਪ੍ਰਿੰਸ ਨੇ ਕਰਵਾਈ ਸੀ ਖਸ਼ੋਗੀ ਦੀ ਹੱਤਿਆ : ਸੀ. ਆਈ. ਏ.

11/18/2018 1:20:46 AM

ਵਾਸ਼ਿੰਗਟਨ – ਅਮਰੀਕਾ ਦੀ ਖੁਫੀਆ ਏਜੰਸੀ ਸੀ. ਆਈ. ਏ. ਨੇ ਕਿਹਾ ਹੈ ਕਿ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਪਿੱਛੇ ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਦਾ ਹੱਥ ਹੈ। ਅਮਰੀਕੀ ਮੀਡੀਆ ਨੇ ਸੀ. ਆਈ. ਏ. ਦੇ ਨੇੜਲੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਸਾਊਦੀ ਅਰਬ ਦੇ 15 ਏਜੰਟ ਇਕ ਸਰਕਾਰੀ ਹਵਾਈ ਜਹਾਜ਼ ਰਾਹੀਂ ਇਸਤਾਂਬੁਲ ਗਏ ਸਨ ਅਤੇ ਉਨ੍ਹਾਂ ਉਥੇ ਸਾਊਦੀ ਅਰਬ ਦੇ ਦੂਤਘਰ 'ਚ ਖਸ਼ੋਗੀ ਨੂੰ ਕਤਲ ਕੀਤਾ ਸੀ।
ਕਾਲਮਿਸਟ ਖਸ਼ੋਗੀ ਆਪਣੀ ਮੰਗੇਤਰ ਨਾਲ ਵਿਆਹ ਲਈ ਜ਼ਰੂਰੀ ਦਸਤਾਵੇਜ਼ ਹਾਸਲ ਕਰਨ ਲਈ ਸਾਊਦੀ ਅਰਬ ਦੇ ਦੂਤਘਰ 'ਚ ਗਏ ਸਨ। ਉਨ੍ਹਾਂ ਨੂੰ ਉਥੇ ਜਾਣ ਲਈ ਸਾਊਦੀ ਅਰਬ ਦੇ ਪ੍ਰਿੰਸ ਦੇ ਭਰਾ ਨੇ ਫੋਨ ਕੀਤਾ ਸੀ। ਭਰਾ ਅਮਰੀਕਾ 'ਚ ਸਾਊਦੀ ਅਰਬ ਦਾ ਰਾਜਦੂਤ ਹੈ। ਸਾਊਦੀ ਅਰਬ ਨੇ ਸੀ. ਆਈ. ਏ. ਦੀ ਰਿਪੋਰਟ ਨੂੰ ਗਲਤ ਕਰਾਰ ਦਿੰਦਿਆਂ ਰੱਦ ਕੀਤਾ ਹੈ। ਦੱਸਣਯੋਗ ਹੈ ਕਿ 2 ਅਕਤੂਬਰ ਨੂੰ ਖਸ਼ੋਗੀ ਦੀ ਹੱਤਿਆ ਹੋਈ ਸੀ।