ਅਮਰੀਕਾ ''ਚ ਦੇਸ਼ ਦਾ ਸਭ ਤੋਂ ਲੰਬਾ ਸ਼ੱਟਡਾਊਨ 22ਵੇਂ ਦਿਨ ਵੀ ਜਾਰੀ

01/12/2019 9:29:57 PM

ਵਾਸ਼ਿੰਗਟਨ — ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣ ਦੇ ਮੁੱਦੇ 'ਤੇ ਡੈਮੋਕ੍ਰੇਟਸ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਿਸ਼ਾਨਾ ਵਿੰਨ੍ਹਣ ਤੋਂ ਬਾਅਦ ਪੈਦਾ ਹੋਇਆ ਸਰਕਾਰੀ ਸ਼ੱਟਡਾਊਨ 22ਵੇਂ ਦਿਨ ਵੀ ਜਾਰੀ ਹੈ। ਦੱਸ ਦਈਏ ਕਿ ਇਹ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਲੰਬਾ ਸ਼ੱਟਡਾਊਨ ਹੈ ਜਿਸ 'ਚ 8 ਲੱਖ ਸਰਕਾਰੀ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਦੇ ਕੰਮ ਕਰਨਾ ਪੈ ਰਿਹਾ ਹੈ।
ਕੰਧ ਬਣਾਉਣ ਲਈ ਟਰੰਪ ਦੇ 5.7 ਅਰਬ ਡਾਲਰ ਦੀ ਮੰਗ ਨੂੰ ਡੈਮੋਕ੍ਰੇਟਾਂ ਵੱਲੋਂ ਅਸਵਿਕਾਰ ਕਰ ਦਿੱਤੇ ਜਾਣ ਤੋਂ ਬਾਅਦ ਦੇਸ਼ 'ਚ ਕੰਮਕਾਜ ਠੱਪ ਹੋ ਗਿਆ ਹੈ ਕਿਉਂਕਿ ਜਵਾਬ 'ਚ ਰਾਸ਼ਟਰਪਤੀ ਟਰੰਪ ਵੱਖ-ਵੱਖ ਸਰਕਾਰੀ ਵਿਭਾਗਾਂ ਲਈ ਬਜਟ ਨੂੰ ਮਨਜ਼ੂਰੀ ਨਹੀਂ ਦੇ ਰਹੇ। ਇਸ ਕਾਰਨ ਐੱਫ. ਬੀ. ਆਈ., ਏਅਰ ਟ੍ਰੈਫਿਕ ਕੰਟਰੋਲ ਅਤੇ ਮਿਊਜ਼ੀਅਮ ਸਟਾਫ ਨੂੰ ਸ਼ੁੱਕਰਵਾਰ ਨੂੰ ਤਨਖਾਹ ਨਹੀਂ ਮਿਲੀ। ਇਹ ਸ਼ੱਟਡਾਊਨ ਦੇਸ਼ ਦਾ ਸਭ ਤੋਂ ਲੰਬਾ ਸ਼ੱਟਡਾਊਨ ਬਣ ਗਿਆ ਹੈ। ਇਸ ਤੋਂ ਪਹਿਲਾਂ 1995-96 'ਚ ਬਿਲ ਕਲਿੰਟਨ ਦੇ ਕਾਰਜਕਾਲ 'ਚ ਸ਼ੱਟਡਾਊਨ 21 ਦਿਨਾਂ ਤੱਕ ਚਲਿਆ ਸੀ।
ਉਥੇ ਟਰੰਪ ਦੇ ਐਮਰਜੰਸੀ ਦੇ ਐਲਾਨ ਅਤੇ ਬਿਨਾਂ ਕਾਂਗਰਸ ਦੀ ਮਨਜ਼ੂਰੀ ਦੇ ਫੰਡ ਰਿਲੀਜ਼ ਕਰਨ ਦੀ ਆਪਣੀ ਧਮਕੀ ਨੂੰ ਵਾਪਸ ਲੈ ਲਿਆ ਹੈ। ਉਨ੍ਹਾਂ ਨੇ ਵ੍ਹਾਈਟ ਹਾਊਸ 'ਚ ਇਕ ਬੈਠਕ ਦੌਰਾਨ ਆਖਿਆ ਕਿ ਮੈਂ ਇਸ ਨੂੰ ਇੰਨੀ ਜਲਦੀ ਨਹੀਂ ਕਰਨ ਜਾ ਰਿਹਾ। ਟਰੰਪ ਨੇ ਹਾਲਾਂਕਿ ਜ਼ੋਰ ਦਿੱਤਾ ਕਿ ਰਾਸ਼ਟਰੀ ਐਮਰਜੰਸੀ ਐਲਾਨ ਕਰਨ ਦਾ ਅਧਿਕਾਰ ਉਨ੍ਹਾਂ ਕੋਲ ਹੈ ਪਰ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਉਹ ਹੁਣ ਵੀ ਚਾਹੁੰਦੇ ਹਨ ਕਿ ਕਾਂਗਰਸ (ਅਮਰੀਕੀ ਸੰਸਦ) ਨਿਰਮਾਣ ਲਈ ਫੰਡ ਨੂੰ ਮਨਜ਼ੂਰੀ ਦੇਵੇ। ਜ਼ਿਕਰਯੋਗ ਹੈ ਕਿ ਟਰੰਪ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਜੇਕਰ ਉਹ 5.7 ਅਰਬ ਡਾਲਰ ਦੀ ਮਨਜ਼ੂਰੀ ਨਹੀਂ ਦਿੰਦੇ। ਮੈਂ ਰਾਸ਼ਟਰੀ ਐਮਰਜੰਸੀ ਐਲਾਨ ਕਰਾਂਗਾ, ਜਿਸ ਦਾ ਮੇਰੇ ਕੋਲ ਪੂਰਾ ਅਧਿਕਾਰ ਹੈ।