ਫ੍ਰੈਂਚ ਕੰਪਨੀ ਨੇ ਬਣਾਈ ਉਡਣ ਵਾਲੀ ਬਾਈਕ, ਕੀਮਤ 3.5 ਕਰੋੜ ਰੁਪਏ (ਵੀਡੀਓ)

01/03/2020 3:21:00 PM

ਆਟੋ ਡੈਸਕ– ਕੁਝ ਸਮਾਂ ਪਹਿਲਾਂ ਹੀ ਹਵਾ ’ਚ ਉਡਣ ਵਾਲੀ ਕਾਰ ਦਾ ਪ੍ਰੋਟੋਟਾਈਪ ਸਾਹਮਣੇ ਆਇਆ ਸੀ। ਹੁਣ ਉਡਣ ਵਾਲੀ ਬਾਈਕ ਨੂੰ ਤਿਆਰ ਕਰ ਕੇ ਇਸ ਨੂੰ ਵੀ ਤਸਵੀਰਾਂ ਰਾਹੀਂ ਦਿਖਾਇਆ ਗਿਆ ਹੈ। ਫ੍ਰੈਂਚ ਆਟੋਮੋਟਿਵ ਕੰਪਨੀ Lazareth ਨੇ ਇਸ ਖਾਸ ਬਾਈਕ Lazareth LMV 496 ਨੂੰ ਤਿਆਰ ਕੀਤਾ ਹੈ ਜੋ ਹਵਾ ’ਚ ਜ਼ਮੀਨ ਤੋਂ 3.3 ਫੁੱਟ ਦੀ ਉੱਚਾਈ ਤਕ ਉੱਡ ਸਕਦੀ ਹੈ। ਹਾਲਾਂਕਿ ਇਹ ਬਹੁਤ ਜ਼ਿਆਦਾ ਤਾਂ ਨਹੀਂ ਹੈ ਪਰ ਇਸ ਤਕਨੀਕ ਦਾ ਫਾਇਦਾ ਭਵਿੱਖ ’ਚ ਟ੍ਰੈਫਿਕ ਜਾਮ ਨਾਲ ਨਜਿੱਠਣ ’ਚ ਹੋਵੇਗਾ। ਇਸ ਬਾਈਕ ਦੀ ਕੀਮਤ ਤੁਹਾਡੇ ਹੋਸ਼ ਉਡਾ ਦੇਵੇਗੀ। Lazareth 496 ਦੀ ਕੀਮਤ 380,000 ਪੌਂਡ (ਕਰੀਬ 3.57 ਕਰੋੜ ਰੁਪਏ) ਹੈ। 

 

ਚਾਰ ਜੈੱਟ ਪ੍ਰੋਪਲਸ਼ਨ ਇੰਜਣ
ਸੜਕ ’ਤੇ ਆਮ ਬਾਈਕ ਦੀ ਤਰ੍ਹਾਂ ਵੀ ਇਸ ਨੂੰ ਚਲਾਇਆ ਜਾ ਸਕਦਾ ਹੈ। ਇਸ ਵਿਚ ਇਲੈਕਟ੍ਰਿਕ ਮੋਟਰ ਲੱਗੀ ਹੈ ਜੋ ਪਾਵਰ ਦਿੰਦੀ ਹੈ। ਹਵਾ ’ਚ ਇਸ ਨੂੰ ਉਡਾਉਣ ਲਈ ਚਾਰ ਜੈੱਕ ਪ੍ਰੋਪਲਸ਼ਨ ਇੰਜਣ ਲੱਗੇ ਹਨ ਜੋ 10 ਮਿੰਟ ਤਕ ਬਾਈਕ ਨੂੰ ਉਡਾਉਣ ਦੀ ਸਮਰੱਥਾ ਰੱਖਦੇ ਹਨ। ਕੰਪਨੀ ਨੇ ਸ਼ੁਰੂਆਤ ’ਚ ਇਸ ਬਾਈਕ ਦੇ ਸਿਰਫ 5 ਪ੍ਰੋਟੋਟਾਈਪ ਹੀ ਬਣਾਏ ਹਨ ਜੋ ਕਿ ਵਿਕਰੀ ਲਈ ਹਨ। 

ਜੈੱਟ ਇੰਜਣ ਪੈਦਾ ਕਰਦੇ ਹਨ 1300 ਹਾਰਸ ਪਾਵਰ ਦੀ ਤਾਕਤ
ਬਾਈਕ ’ਚ ਲੱਗੇ ਚਾਰੇ ਜੈੱਟ ਇੰਜਣ ਲਗਭਗ 1300 ਹਾਰਸ ਪਾਵਰ ਦੀ ਤਾਕਤ ਪੈਦਾ ਕਰਦੇ ਹਨ। ਇਸ ਦੇ ਡੈਸ਼ਬੋਰਡ ’ਤੇ ਆਲਟੀਟਿਊਡ, ਸਪੀਡ, ਫਿਊਲ ਲੈਵਲ, ਪੋਜੀਸ਼ਨ ਅਤੇ ਡਾਇਰੈਕਸ਼ਨ ਨਾਲ ਸੰਬੰਧਿਤ ਜਾਣਕਾਰੀਆਂ ਦਿਖਾਈ ਦਿੰਦੀਆਂ ਹਨ। 

100 ਕਿਲੋਮੀਟਰ ਦੀ ਰੇਂਜ
ਇਸ ਬਾਈਕ ’ਚ ਲੱਗੀ ਇਲੈਕਟ੍ਰਿਕ ਮੋਟਰ ਨੂੰ ਫੁੱਲ ਚਾਰਜ ਕਰ ਕੇ ਲਗਭਗ 100 ਕਿਲੋਮੀਟਰ ਤਕ ਦਾ ਰਸਤਾ ਤੈਅ ਕੀਤਾ ਜਾ ਸਕਦਾ ਹੈ। ਇਸ ਬਾਈਕ ਦਾ ਭਾਰ ਸਿਰਫ 140 ਕਿਲੋਗ੍ਰਾਮ ਹੈ।