ਤੂਫਾਨ ਨੇ ਤਬਾਹ ਕੀਤਾ ਇਹ ਟਾਪੂ, 60 ਫੀਸਦੀ ਲੋਕ ਬੇਘਰ

09/09/2017 2:54:06 AM

ਵਾਸ਼ਿੰਗਟਨ— ਕਦੇ ਦੁਨੀਆ ਦੇ ਖੂਬਸੂਰਤ ਟਾਪੂਆਂ 'ਚ ਸ਼ੁਮਾਰ ਬਰਬੁਡਾ, ਜੋ ਕਿ ਚਿੱਟੀ ਤੇ ਗੁਲਾਬੀ ਰੇਤ ਵਾਲੇ ਸਮੁੰਦਰੀ ਕੰਢਿਆ ਲਈ ਜਾਣਿਆ ਜਾਂਦਾ ਸੀ, ਅੱਜ ਇਕ ਉਜਾੜ ਟਾਪੂ ਬਣ ਚੁੱਕਿਆ ਹੈ। ਇਰਮਾ ਤੂਫਾਨ ਨੇ ਕੈਰੇਬੀਅਨ ਟਾਪੂ ਬਰਬੁਡਾ ਤੇ ਸੈਂਟ ਮਾਰਟਿਨ 'ਤੇ ਇਸ ਕਦਰ ਤਬਾਹੀ ਮਚਾਈ ਕਿ ਸੈਂਟ ਮਾਰਟਿਨ ਦੇ 95 ਫੀਸਦੀ ਲੋਕ ਇਲਾਕੇ ਨੂੰ ਛੱਡ ਗਏ ਤੇ ਇਲਾਕੇ ਦੀਆਂ 90 ਫੀਸਦੀ ਇਮਾਰਤਾਂ ਢਹਿ ਢੇਰੀ ਹੋ ਗਈਆਂ।


ਕੈਟੇਗਰੀ ਆ੫ ਦੇ ਇਸ ਭਿਆਨਕ ਤੂਫਾਨ ਹਰੀਕੇਨ ਇਰਮਾ ਨੇ ਬੀਤੇ ਬੁੱਧਵਾਰ ਤੇ ਵੀਰਵਾਰ ਇਨ੍ਹਾਂ ਟਾਪੂਆਂ 'ਤੇ ਆਪਣਾ ਕਹਿਰ ਵਰਾਇਆ। ਇਸ ਕਹਿਰ ਦੌਰਾਨ ਬਰਬੁਡਾ ਤੇ ਸੈਂਟ ਮਾਰਟਿਨ ਦੇ 19 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਤੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਜ਼ਖਮੀ ਹੋਏ ਤੇ ਬਰਬੁਡਾ ਵੀ ਬੁਰੀ ਤਰ੍ਹਾਂ ਤਬਾਹ ਹੋ ਗਿਆ। ਕੈਰੇਬੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਰਬੁਡਾ ਦੀ ਲੱਗਭਗ ਅੱਧੀ ਅਬਾਦੀ ਇਸ ਵੇਲੇ ਬੇਘਰ ਹੈ। ਬਰਬੁਡਾ ਟਾਪੂ ਦੇ 80,000 ਲੋਕ ਇਸ ਤੂਫਾਨ ਨਾਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ।

ਇਸ ਟਾਪੂ 'ਤੇ ਲੋਕ ਬਿਨਾਂ ਬਿਜਲੀ ਤੇ ਪੀਣ ਵਾਲੇ ਪਾਣੀ ਤੋਂ ਗੁਜ਼ਾਰਾ ਕਰ ਰਹੇ ਹਨ ਤੇ ਇਹ ਟਾਪੂ ਬਾਕੀ ਦੁਨੀਆਂ ਤੋਂ ਕੱਟਿਆ ਗਿਆ ਹੈ। ਇਸ ਟਾਪੂ 'ਤੇ ਇਰਮਾ ਅੱਜ ਤੱਕ ਦਾ ਸਭ ਤੋਂ ਭਿਆਨਕ ਤੂਫਾਨ ਸਾਬਿਤ ਹੋਇਆ ਹੈ।


ਇਨ੍ਹਾਂ ਟਾਪੂਆਂ ਦੇ ਇਲਾਵਾਂ ਫਲੋਰਿਡਾ 'ਚ ਇਸ ਤੂਫਾਨ ਦਾ ਅਸਰ ਦੇਖਣ ਨੂੰ ਮਿਲਿਆ। ਫਲੋਰਿਡਾ ਦੇ 6,50,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ।