ਪਹਿਲੀ ਸੈਲਫ ਟੈਸਟ ਕਿੱਟ ਨੂੰ ਅਮਰੀਕੀ FDA ਦੀ ਮਨਜ਼ੂਰੀ, 30 ਮਿੰਟ ''ਚ ਮਿਲੇਗਾ ਨਤੀਜਾ

11/18/2020 10:14:57 PM

ਵਾਸ਼ਿੰਗਟਨ - ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ (ਯੂ.ਐੱਸ.ਐੱਫ.ਡੀ.ਏ.) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਪਹਿਲੀ ਸੈਲਫ ਕੋਵਿਡ ਟੈਸਟ ਕਿੱਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਿੱਟ ਦੇ ਜ਼ਰੀਏ ਘਰ ਵਿਚ ਹੀ ਕੋਰੋਨਾ ਟੈਸਟ ਕੀਤਾ ਜਾ ਸਕਦਾ ਹੈ। ਇਸ ਨਾਲ ਸਿਰਫ 30 ਮਿੰਟ ਵਿਚ ਨਤੀਜਾ ਮਿਲ ਜਾਂਦਾ ਹੈ।

ਲਿਊਕਿਰਾ ਹੈਲਥ ਨੇ ਕੀਤਾ ਨਿਰਮਾਣ
ਯੂ. ਐੱਸ.ਐੱਫ. ਡੀ. ਏ. ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸਿਗੰਲ ਯੂਜ਼ ਟੈਸਟ ਕਿੱਟ ਦਾ ਨਿਰਮਾਣ ਲਿਊਕਿਰਾ ਹੈਲਥ ਨੇ ਕੀਤਾ ਹੈ। ਇਸ ਦਾ ਇਸਤੇਮਾਲ ਐਮਰਜੰਸੀ ਵਿਚ ਕੀਤਾ ਜਾ ਸਕਦਾ ਹੈ। ਇਸ ਕਿੱਟ ਦੇ ਜ਼ਰੀਏ ਖੁਦ ਨੱਕ ਤੋਂ ਸਵਾਬ ਸੈਂਪਲ ਲੈ ਕੇ ਟੈਸਟ ਕੀਤਾ ਜਾ ਸਕਦਾ ਹੈ। ਯੂ. ਐੱਸ.ਐੱਫ. ਡੀ. ਏ. ਮੁਤਾਬਕ, 14 ਸਾਲ ਜਾਂ ਇਸ ਤੋਂ ਵੱਡੇ ਲੋਕ ਇਸ ਕਿੱਟ ਦੇ ਜ਼ਰੀਏ ਕੋਰੋਨਾ ਟੈਸਟ ਕਰ ਸਕਦੇ ਹਨ।

ਘਰ 'ਤੇ ਨਤੀਜਾ ਦੇਣ ਵਾਲੀ ਇਹ ਪਹਿਲੀ ਕਿੱਟ
ਯੂ. ਐੱਸ.ਐੱਫ. ਡੀ. ਏ. ਦੇ ਕਮਿਸ਼ਨਰ ਸਟੀਫਨ ਹਾਨ ਨੇ ਕਿਹਾ ਕਿ ਹੁਣ ਤੱਕ ਘਰ ਜਾ ਕੋਰੋਨਾ ਟੈਸਟ ਦਾ ਸੈਂਪਲ ਲਏ ਜਾਣ ਦੀ ਇਜਾਜ਼ਤ ਸੀ, ਜਿਸ ਦਾ ਨਤੀਜਾ ਬਾਅਦ ਵਿਚ ਆਉਂਦਾ ਸੀ। ਇਹ ਪਹਿਲੀ ਅਜਿਹੀ ਕਿੱਟ ਹੈ ਜਿਸ ਦਾ ਇਸਤੇਮਾਲ ਖੁਦ ਕੀਤਾ ਜਾ ਸਕਦਾ ਹੈ ਅਤੇ ਇਹ ਉਸੇ ਵੇਲੇ ਨਤੀਜਾ ਦੇ ਦਿੰਦੀ ਹੈ। ਯੂ. ਐੱਸ.ਐੱਫ. ਡੀ. ਏ. ਨੇ ਕਿਹਾ ਹੈ ਕਿ ਇਸ ਕਿੱਟ ਦਾ ਇਸਤੇਮਾਲ ਹਸਪਤਾਲਾਂ ਵਿਚ ਵੀ ਕੀਤਾ ਜਾ ਸਕਦਾ ਹੈ। ਪਰ 14 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੇ ਟੈਸਟ ਲਈ ਸੈਂਪਲ ਕੋਈ ਹੈਲਥ ਵਰਕਰ ਹੀ ਲਵੇਗਾ।

ਅਮਰੀਕਾ ਵਿਚ ਅਗਲੇ ਸਾਲ ਜੁਲਾਈ ਤੱਕ ਸਾਰਿਆਂ ਨੂੰ ਲੱਗ ਜਾਵੇਗੀ ਵੈਕਸੀਨ
ਅਮਰੀਕਾ ਨੇ ਆਪਣੇ ਸਾਰੇ ਨਾਗਰਿਕਾਂ ਦੇ ਟੀਕਾਕਰਣ ਦੀ ਯੋਜਨਾ 'ਤੇ ਕੰਮ ਤੇਜ਼ ਕਰ ਦਿੱਤਾ ਹੈ। ਅਗਲੇ ਮਹੀਨੇ ਤੋਂ ਇਹ ਅਭਿਆਨ ਸ਼ੁਰੂ ਹੋ ਜਾਵੇਗਾ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਦਸੰਬਰ ਅੰਤ ਤੱਕ ਕਰੀਬ 2 ਕਰੋੜ ਲੋਕਾਂ ਨੂੰ ਵੈਕਸੀਨ ਲਾਈ ਜਾ ਸਕਦੀ ਹੈ। ਅਪ੍ਰੈਲ ਤੱਕ ਉਥੇ ਵੈਕਸੀਨ ਦੇ 70 ਕਰੋੜ ਡੋਜ਼ ਤਿਆਰ ਹੋ ਜਾਣਗੇ। ਇਸ ਲਿਹਾਜ਼ ਨਾਲ ਅਮਰੀਕਾ ਦੇ ਸਾਰੇ ਨਾਗਰਿਕਾਂ ਨੂੰ ਵੈਕਸੀਨ ਦਿੱਤੇ ਜਾਣ ਦਾ ਕੰਮ ਅਪ੍ਰੈਲ ਤੋਂ ਜੁਲਾਈ ਵਿਚਾਲੇ ਪੂਰਾ ਹੋਵੇਗਾ। ਮਾਡਰਨ ਅਤੇ ਫਾਈਜ਼ਰ ਨੇ ਜਿਹੜੀ ਵੈਕਸੀਨ ਤਿਆਰ ਕੀਤੀ ਹੈ ਉਸ ਦੀਆਂ 2 ਡੋਜ਼ ਇਕ ਵਿਅਕਤੀ ਨੂੰ ਲੱਗਣੀਆਂ ਹਨ। 

Khushdeep Jassi

This news is Content Editor Khushdeep Jassi