ਪੰਜਾਬੀ ਵਿਰਸਾ ਮੈਰੀਲੈਂਡ ਅਮਰੀਕਾ ਨੇ ਕਰਵਾਇਆ ਪਹਿਲਾ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ (ਤਸਵੀਰਾਂ)

05/31/2022 11:26:36 AM

ਮੈਰੀਲੈਂਡ (ਰਾਜ ਗੋਗਨਾ) ਪੰਜਾਬੀ ਵਿਰਸਾ ਮੈਰੀਲੈਂਡ ਵਲੋਂ ਐਲਕਰਿਜ ’ਚ ਪਹਿਲਾ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਵਿਚ ਦਿਲਵੀਰ ਸਿੰਘ ਬੀਰਾ, ਬਲਜੀਤ ਸਿੰਘ ਬੱਲੀ, ਸਰਬਜੀਤ ਸਿੰਘ ਢਿੱਲੋਂ, ਰਜਿੰਦਰ ਸਿੰਘ ਗੋਗੀ, ਸ਼ਿਵਰਾਜ ਸਿੰਘ ਰਾਜਾ, ਬਲਜੀਤ ਸਿੰਘ ਗਿੱਲ, ਸੁਰਿੰਦਰ ਸਿੰਘ ਬੱਬੂ, ਕਰਮਜੀਤ ਸਿੰਘ, ਗੁਰਿੰਦਰ ਸਿੰਘ ਸੋਨੀ, ਸੁਖਪਾਲ ਧਨੋਆ, ਵਰਿੰਦਰ ਸਿੰਘ, ਧਰਮਪਾਲ ਸਿੰਘ, ਜਸਦੀਪ ਸਿੰਘ ਜੱਸੀ, ਬਲਜਿੰਦਰ ਸਿੰਘ ਸ਼ੰਮੀ, ਜਸਵੰਤ ਸਿੰਘ ਧਾਲੀਵਾਲ, ਰਤਨ ਸਿੰਘ, ਜਰਨੈਲ ਸਿੰਘ ਟੀਟੂ, ਸੁਖਵਿੰਦਰ ਸਿੰਘ ਘੋਗਾ, ਜਸਵਿੰਦਰ ਸਿੰਘ (ਰੌਇਲ ਤਾਜ), ਗੁਰਵਿੰਦਰ ਸਿੰਘ ਮਾਨ, ਸੰਦੀਪ ਸਿੰਘ, ਗੁਰਮੇਲ ਸਿੰਘ, ਸਰਬਜੀਤ ਸਿੰਘ ਝੱਜ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। 

ਸਮਾਗਮ ਦੀ ਸ਼ੁਰੂਆਤ ਅਮੈਰਿਕਨ ਰਾਸ਼ਟਰੀ ਐਂਥਮ ਦੇ ਗਾਇਨ ਨਾਲ ਹੋਈ, ਉਪਰੰਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਟੈਕਸਾਸ ਸਕੂਲ ਵਿਚ ਸਿਰੇਫਿਰੇ ਦੀ ਗੋਲੀਬਾਰੀ ਨਾਲ ਮਾਰੇ ਗਏ ਬੇਕਸੂਰ ਬੱਚਿਆਂ ਅਤੇ ਟੀਚਰਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸਟੇਜ ਦੀ ਸ਼ੁਰੂਆਤ ਸੁਖਪਾਲ ਸਿੰਘ ਧਨੋਆ ਨੇ ਕੀਤੀ ਉਪਰੰਤ ਡੀ.ਜੇ., ਪੰਜਾਬੀ ਗਿੱਧਾ, ਡਾਂਸ ਆਦਿ ਦੀਆਂ ਆਈਟਮਾਂ ਪੇਸ਼ ਕੀਤੀਆਂ ਗਈਆਂ। 

ਬੱਚਿਆਂ ਦੀ ਫੇਸ ਪੇਂਟਿੰਗ ਅਤੇ ਜਾਦੂਗਰ ਦੇ ਸ਼ੋਅ ਨੇ ਸਭ ਦਾ ਧਿਆਨ ਵਿਸ਼ੇਸ਼ ਤੌਰ ’ਤੇ ਖਿੱਚਿਆ। ਹਾਲ ਦੇ ਬਾਹਰ ਪੰਜਾਬੀਆਂ ਦਾ ਮਨਪਸੰਦ ਫੋਰਡ ਟਰੈਕਟਰ ਖੜ੍ਹਾ ਕੀਤਾ ਗਿਆ ਸੀ ਜਿਸ 'ਤੇ ਚੜ੍ਹ ਕੇ ਮਹਿਮਾਨਾਂ ਨੇ ਖੂਬ ਤਸਵੀਰਾਂ ਖਿਚਵਾਈਆਂ। ਦਿਲਵੀਰ ਸਿੰਘ ਬੀਰਾ ਅਤੇ ਬਲਜੀਤ ਸਿੰਘ ਬੱਲੀ ਨੇ ਦੱਸਿਆ ਕਿ ਇਹ ਸਮਾਗਮ ਭਾਈਚਾਰੇ ਦੀ ਆਪਸੀ ਸਾਂਝ ਵਧਾਉਣ ਅਤੇ ਬੱਚਿਆਂ ਨੂੰ ਆਪਣੇ ਵਿਰਸੇ ਵਿਰਾਸਤ ਬਾਰੇ ਜਾਣੂ ਕਰਵਾਉਣ ਲਈ ਕਰਵਾਇਆ ਗਿਆ ਹੈ ਅਤੇ ਪੰਜਾਬੀ ਵਿਰਸਾ ਸੰਸਥਾ ਵਲੋਂ ਹੋਰ ਵੀ ਅਜਿਹੇ ਹੀ ਪ੍ਰੋਗਰਾਮ ਕਰਵਾਏ ਜਾਇਆ ਕਰਨਗੇ।

Vandana

This news is Content Editor Vandana