ਸਿੱਖਾਂ ਨੇ ਕੈਨੇਡਾ 'ਚ ਬਣਾਈ ਪਹਿਲੀ ਸਿਆਸੀ ਪਾਰਟੀ

04/24/2019 11:51:47 AM

ਟੋਰਾਂਟੋ - ਕੈਨੇਡਾ 'ਚ ਸਿੱਖਾਂ ਨੇ ਆਪਣੀ ਪਹਿਲੀ ਸਿਆਸੀ ਪਾਰਟੀ ਦੀ ਨੀਂਹ ਰੱਖ ਦਿਤੀ ਹੈ। ਸਿੱਖ ਫ਼ੈਡਰੇਸ਼ਨ ਯੂ.ਕੇ. ਵੱਲੋਂ ਜਾਰੀ ਬਿਆਨ ਮੁਤਾਬਕ 21 ਅਪ੍ਰੈਲ ਨੂੰ ਸਿੱਖ ਫ਼ੈਡਰੇਸ਼ਨ ਕੈਨੇਡਾ ਦਾ ਗਠਨ ਕਰ ਦਿਤਾ ਗਿਆ। ਜਿਸ ਨੂੰ ਕੈਨੇਡਾ ਦੀਆਂ ਜ਼ਿਆਦਾਤਰ ਗੁਰੂਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਹੋਰਨਾਂ ਸਿੱਖ ਜਥੇਬੰਦੀਆਂ ਨੇ ਹਮਾਇਤ ਦਿੱਤੀ ਹੈ।

ਸਿੱਖ ਫ਼ੈਡਰੇਸ਼ਨ ਵੱਲੋਂ ਜਾਰੀ ਬਿਆਨ ਮੁਤਾਬਕ ਕੈਨੇਡਾ ਦੀ ਪਹਿਲੀ ਸਿੱਖ ਸਿਆਸੀ ਪਾਰਟੀ ਇਥੋਂ ਦੀਆਂ ਮੁੱਖ ਸਿਆਸੀ ਪਾਰਟੀਆਂ ਨਾਲ ਤਾਲਮੇਲ ਤਹਿਤ ਕੰਮ ਕਰੇਗੀ ਅਤੇ ਰਾਜਨੀਤਕ ਮੰਚ 'ਤੇ ਸਿੱਖ ਭਾਈਚਾਰੇ ਦੀ ਆਵਾਜ਼ ਬਣ ਕੇ ਉਭਰੇਗੀ। ਬ੍ਰਿਟੇਨ 'ਚ 15 ਸਾਲ ਪਹਿਲਾਂ ਗਠਤ ਸਿੱਖ ਫ਼ੈਡਰੇਸ਼ਨ ਦੀ ਤਰਜ਼ 'ਤੇ ਹੀ ਕੈਨੇਡਾ 'ਚ ਸਿਆਸੀ ਪਾਰਟੀ ਦਾ ਗਠਨ ਕੀਤਾ ਗਿਆ ਹੈ। ਨਵੀਂ ਜਥੇਬੰਦੀ ਨਾ ਸਿਰਫ਼ ਕੌਮੀ ਪੱਧਰ 'ਤੇ ਸਗੋਂ ਸੂਬਾਈ ਪੱਧਰ 'ਤੇ ਸਿੱਖਾਂ ਨਾਲ ਸਬੰਧਿਤ ਮਸਲੇ ਚੁੱਕੇਗੀ ਅਤੇ ਸਿੱਖ ਭਾਈਚਾਰੇ ਦੇ ਹੱਕ 'ਚ ਇਨਾਂ ਨੂੰ ਹੱਲ ਕਰਵਾਉਣ ਲਈ ਵਚਨਬੱਧ ਰਹੇਗੀ। ਸਿੱਖ ਫ਼ੈਡਰੇਸ਼ਨ ਕੈਨੇਡਾ ਵੱਲੋਂ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਸਿੱਖ ਭਾਈਚਾਰੇ ਖਿਲਾਉ ਕੋਈ ਵੀ ਗਲਤ ਪ੍ਰਚਾਰ ਨਾ ਕਰ ਸਕੇ।

ਬਿਆਨ ਵਿਚ ਕਿਹਾ ਗਿਆ ਕਿ ਅਕਤੂਬਰ 'ਚ ਕੈਨੇਡਾ ਦੀਆਂ ਆਮ ਚੋਣਾਂ ਆਉਣ ਵਾਲੀਆਂ ਹਨ ਅਤੇ ਪਿਛਲੇ ਇਕ ਸਾਲ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਦੇਖਦਿਆਂ ਸਿਆਸੀ ਪਾਰਟੀ ਦਾ ਗਠਨ ਕਰਨਾ ਜ਼ਰੂਰੀ ਸੀ। ਨਵੀਂ ਸਿਆਸੀ ਪਾਰਟੀ ਦਾ ਗਠਨ ਤੋਂ ਇਲਾਵਾ ਕੈਨੇਡਾ ਦੀਆਂ ਮੌਜੂਦਾ ਸਿੱਖ ਜਥੇਬੰਦੀਆਂ, ਮਨੁੱਖੀ ਅਧਿਕਾਰ ਕਾਰਕੁੰਨਾਂ, ਵਕੀਲਾਂ,  ਪੱਤਰਕਾਰਾਂ ਨਾਲ ਸਬੰਧਤ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸੀਅਤਾਂ 'ਤੇ ਆਧਾਰਿਤ ਸਿੱਖ ਨੈੱਟਵਰਕ ਵੀ ਕਾਇਮ ਕੀਤਾ ਜਾ ਰਿਹਾ ਹੈ ਤਾਂ ਜੋ ਯੂ.ਕੇ. ਦੀ ਤਰਜ਼ 'ਤੇ ਕੈਨੇਡਾ 'ਚ ਵੀ ਸਿੱਖ ਮੈਨੀਫ਼ੈਸਟੋ ਜਾਰੀ ਕੀਤਾ ਜਾ ਸਕੇ।

Khushdeep Jassi

This news is Content Editor Khushdeep Jassi