ਜਵਾਲਾਮੁਖੀ ਨੇੜੇ ਜੋੜੇ ਨੇ ਕਰਵਾਇਆ ਵਿਆਹ (ਤਸਵੀਰਾਂ ਵਾਇਰਲ)

01/13/2020 9:28:36 PM

ਮਨੀਲਾ (ਏਜੰਸੀ)- ਫਿਲਪੀਨਜ਼ ਦੇ ਸਰਗਰਮ ਜਵਾਲਾਮੁਖੀ ਵਿਚੋਂ ਇਕ ਤਾਲ ਜਵਾਲਾਮੁਖੀ ਤੋਂ ਮਨੀਲਾ ਦੇ ਆਸ-ਪਾਸ ਹਾਲਾਤ ਖਰਾਬ ਹਨ। ਪਰ ਇਸ ਦੇ ਬਾਵਜੂਦ ਲੋਕ ਜ਼ਿੰਦਗੀ ਦੀਆਂ ਖੁਸ਼ੀਆਂ ਨੂੰ ਸੰਭਾਲਣਾ ਚਾਹੁੰਦੇ ਹਨ। ਇਸ ਕੁਦਰਤੀ ਆਫਤ ਦਰਮਿਆਨ ਐਤਵਾਰ ਨੂੰ ਇਕ ਜੋੜੇ ਨੇ ਜਵਾਲਾਮੁਖੀ ਦੇ ਫੱਟਣ ਦੌਰਾਨ ਵਿਆਹ ਕੀਤਾ। ਉਨ੍ਹਾਂ ਦੇ ਫੋਟੋਸ਼ੂਟ ਵਿਚ ਜਵਾਲਾਮੁਖੀ ਦੀ ਰਾਖ ਨੂੰ ਅਸਮਾਨ ਵਿਚ ਉੱਡਦੇ ਦੇਖਿਆ ਜਾ ਸਕਦਾ ਹੈ। ਹੁਣ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਵੈਡਿੰਗ ਫੋਟੋਗ੍ਰਾਫਰ ਨੇ ਰਾਂਡੋਲਫ ਈਵਨ ਨੇ ਦੱਸਿਆ ਕਿ ਰਾਖ ਕੱਪੜਿਆਂ 'ਤੇ ਡਿੱਗ ਰਹੀ ਸੀ। ਮਹਿਮਾਨ ਸ਼ਾਂਤੀ ਨਾਲ ਸਾਰੇ ਰੀਤੀ ਰਿਵਾਜ਼ਾਂ ਨੂੰ ਪੂਰਾ ਕਰ ਰਹੇ ਸਨ।
ਚਿਨੋ ਅਤੇ ਕਾਟ ਵਾਫਲੋਰ ਦਾ ਵਿਆਹ ਜਵਾਲਾਮੁਖੀ ਦੇ ਫੱਟਣ ਦੇ ਸਥਾਨ ਤੋਂ ਸਿਰਫ 10 ਕਿਲੋਮੀਟਰ ਦੂਰ ਸੀ। ਐਤਵਾਰ ਨੂੰ ਖਿੱਚੀਆਂ ਗਈਆਂ ਤਸਵੀਰਾਂ ਵਿਚ ਜਵਾਲਾਮੁਖੀ ਦੀ ਰਾਖ ਹਵਾ ਵਿਚ ਉੱਡਦੀ ਨਜ਼ਰ ਆ ਰਹੀ ਹੈ। ਤਾਲ ਲੇਕ 'ਤੇ ਮੌਜੂਦ ਇਸ ਜਵਾਲਾਮੁਖੀ ਦੇ ਭੜਕਣ ਨਾਲ ਮਨੀਲਾ ਦਾ ਮੌਸਮ ਕਾਫੀ ਖਰਾਬ ਹੋ ਗਿਆ ਹੈ। ਇਸ ਦਾ ਲਾਵਾ ਤਕਰੀਬਨ 10-15 ਕਿਮੀ ਦੂਰ ਤੱਕ ਫੈਲਿਆ ਹੈ। ਖਤਰੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਤਕਰੀਬਨ 8000 ਸਥਾਨਕ ਲੋਕਾਂ ਨੂੰ ਬਾਹਰ ਕੱਢ ਲਿਆ। ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜੇਕਰ ਜਵਾਲਾਮੁਖੀ ਫਟਿਆ ਤਾਂ ਇਸ ਦਾ ਲਾਵਾ ਤਾਲ ਲੇਕ ਵਿਚ ਡਿੱਗੇਗਾ, ਜਿਸ ਨਾਲ ਨੇੜਲੇ ਇਲਾਕਿਆਂ ਵਿਚ ਸੁਨਾਮੀ ਆ ਸਕਦੀ ਹੈ।


ਈਵਨ ਨੇ ਦੱਸਿਆ ਕਿ ਉਸ ਦੌਰਾਨ ਅਸੀਂ ਬੇਚੈਨ ਸੀ। ਜਵਾਲਾਮੁਖੀ ਦੇ ਫੱਟਣ ਨਾਲ ਜੁੜੀ ਹਰ ਜਾਣਕਾਰੀ ਲਈ ਅਸੀਂ ਸੋਸ਼ਲ ਮੀਡੀਆ ਨੂੰ ਲਗਾਤਾਰ ਚੈੱਕ ਕਰ ਰਹੇ ਸੀ ਤਾਂ ਜੋ ਅਸੀਂ ਵਾਰਨਿੰਗ ਅਤੇ ਵੱਧਦੇ ਖਤਰੇ ਬਾਰੇ ਅਪਡੇਟ ਰਹੀਏ। ਅਸੀਂ ਸਭ ਆਪਸ ਵਿਚ ਵੀ ਗੱਲ ਕਰ ਰਹੇ ਸੀ ਕਿ ਜੇਕਰ ਸਥਿਤੀ ਭਿਆਨਕ ਹੋ ਜਾਵੇ ਤਾਂ ਕੀ ਕਰਾਂਗੇ। ਮਹਿਮਾਨ ਤੋਂ ਲੈ ਕੇ ਪਰਿਵਾਰ ਵਾਲੇ ਸਾਰੇ ਸ਼ਾਂਤ ਸਨ ਕਿਉਂਕਿ ਚਿਨੋ ਅਤੇ ਕਾਟ ਇਸ ਮੁਸ਼ਕਲ ਸਮੇਂ ਵਿਚ ਵੀ ਵਿਆਹ ਕਰਨਾ  ਚਾਹੁੰਦੇ ਸਨ।
ਫਿਲਪੀਨਜ਼ ਦੇ ਰਾਸ਼ਟਰਪਤੀ ਰੋਡਰਿਗੋ ਦੁਤਰਤੇ ਨੇ ਮਨੀਲਾ ਅਤੇ ਨੇੜਲੇ ਇਲਾਕਿਆਂ ਵਿਚ ਫੈਲੀ ਰਾਖ ਅਤੇ ਖਰਾਬ ਹਵਾ ਨੂੰ ਦੇਖਦੇ ਹੋਏ ਸਰਕਾਰੀ ਦਫਤਰ ਅਤੇ ਸਕੂਲ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਸਿਹਤ ਅਧਿਕਾਰੀਆਂ ਨੂੰ ਸਾਹ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦੀ ਦੇਖਭਾਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨਾਲ ਹੀ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ।

Sunny Mehra

This news is Content Editor Sunny Mehra