ਈਰਾਨੀ ਰਾਜਦੂਤ ਦੇ ਨਿਵਾਸ ਦੇ ਬਾਹਰ ਹਮਲਾਵਰ ਕੀਤਾ ਗਿਆ ਢੇਰ

03/12/2018 10:45:26 AM

ਵਿਆਨਾ (ਭਾਸ਼ਾ)— ਈਰਾਨੀ ਰਾਜਦੂਤ ਦੇ ਵਿਆਨਾ ਸਥਿਤ ਨਿਵਾਸ ਦੇ ਬਾਹਰ ਸੋਮਵਾਰ ਨੂੰ 26 ਸਾਲਾ ਇਕ ਨੌਜਵਾਨ ਨੂੰ ਮਾਰ ਦਿੱਤਾ ਗਿਆ। ਇਸ ਨੌਜਵਾਨ ਨੇ ਉੱਥੇ ਮੌਜੂਦ ਇਕ ਸੁਰੱਖਿਆ ਕਰਮਚਾਰੀ 'ਤੇ ਹਮਲਾ ਕਰ ਦਿੱਤਾ ਸੀ। ਪੁਲਸ ਦੇ ਬੁਲਾਰਾ ਹਰਾਲਡ ਸੋਈਰੋਸ ਨੇ ਦੱਸਿਆ ਕਿ ਸੁਰੱਖਿਆ ਕਰਮਚਾਰੀ ਵੱਲੋਂ ਚਲਾਈ ਗਈ ਗੋਲੀ ਨਾਲ ਹਮਲਾਵਰ ਦੀ ''ਮੌਕੇ 'ਤੇ ਹੀ ਮੌਤ'' ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਹ ਹਮਲਾ ਕੱਲ ਇਕ ਰਿਹਾਇਸ਼ੀ ਖੇਤਰ ਵਿਚ ਸਥਾਨਕ ਸਮੇਂ ਮੁਤਾਬਕ ਅੱਧੀ ਰਾਤ ਤੋਂ ਪਹਿਲਾਂ ਹੋਇਆ। ਪੁਲਸ ਨੇ ਦੱਸਿਆ ਕਿ ਹਮਲੇ ਦੇ ਪਿੱਛੇ ਦਾ ਉਦੇਸ਼ ਹਾਲੇ ਪਤਾ ਨਹੀਂ ਚੱਲਿਆ ਹੈ। 
ਇਸ ਹਮਲੇ ਵਿਚ ਇਮਾਰਤ ਦੇ ਬਾਹਰ ਤੈਨਾਤ ਸੁਰੱਖਿਆ ਕਰਚਮਾਰੀ ਦੇ ਹੱਥ ਦੇ ਉੱਪਰੀ ਹਿੱਸੇ ਵਿਚ ਸੱਟ ਲੱਗੀ ਹੈ। ਸੋਈਰੋਸ ਨੇ ਦੱਸਿਆ ਕਿ ਸੁਰੱਖਿਆ ਕਰਮਚਾਰੀ ਨੇ ਗੋਲੀ ਚਲਾਉਣ ਤੋਂ ਪਹਿਲਾਂ ਮਿਰਚ ਸਪ੍ਰੇ ਦੀ ਵਰਤੋਂ ਕੀਤੀ ਸੀ। ਰੱਖਿਆ ਮੰਤਰਾਲੇ ਦੇ ਬੁਲਾਰਾ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਸੁਰੱਖਿਆ ਕਰਮਚਾਰੀ ਨੇ ''ਨਿਯਮਾਂ ਮੁਤਾਬਕ'' ਕੰਮ ਕੀਤਾ। ਬੁਲਾਰੇ ਨੇ ਦੱਸਿਆ ਕਿ ਹਮਲਾਵਰ ਵਿਆਨਾ ਵਿਚ ਰਹਿੰਦਾ ਸੀ ਪਰ ਮੂਲ ਰੂਪ ਵਿਚ ਆਸਟ੍ਰੀਆ ਦੇ ਟਿਰੋਲ ਖੇਤਰ ਦਾ ਰਹਿਣ ਵਾਲਾ ਸੀ। ਸੁਰੱਖਿਆ ਦੇ ਤੌਰ 'ਤੇ ਪੁਲਸ ਨੇ ਸ਼ਹਿਰ ਦੇ ਸਾਰੇ ਡਿਪਲੋਮੈਟਿਕ ਮਿਸ਼ਨ ਦੇ ਆਲੇ-ਦੁਆਲੇ ਵਾਧੂ ਫੌਜ ਦੀ ਤੈਨਾਤੀ ਕੀਤੀ ਹੈ।