32ਵੀਆਂ ਆਸਟਰੇਲੀਆਈ ਸਿੱਖ ਖੇਡਾਂ ਦਾ ਸ਼ਾਨਦਾਰ ਆਗਾਜ਼

04/20/2019 2:32:05 AM

ਮੈਲਬੋਰਨ (ਰਮਨਦੀਪ ਸੋਢੀ, ਮਨਦੀਪ ਸੈਣੀ, ਸੁਰਿੰਦਰ ਖੁਰਦ)- ਆਸਟਰੇਲੀਆ ਦੇ ਖੂਬਸੂਰਤ ਸ਼ਹਿਰ ਮੈਲਬੋਰਨ ਦੇ ਦੱਖਣ-ਪੂਰਬੀ ਪਾਸੇ ਸਥਿਤ ਕਰੇਨਬਰਨ ਇਲਾਕੇ 'ਚ 32ਵੀਆਂ ਆਸਟਰੇਲੀਆਈ ਸਿੱਖ ਖੇਡਾਂ ਦੀ ਸ਼ਾਨਦਾਰ ਸ਼ੁਰੂਆਤ ਹੋ ਚੁੱਕੀ ਹੈ। ਇਸ ਖੇਡ ਮੇਲੇ ਦੀ ਆਰੰਭਤਾ ਅਰਦਾਸ ਉਪਰੰਤ 'ਮਸ਼ਾਲ' ਜਗਾ ਕੇ ਕੀਤੀ ਗਈ। ਪਹਿਲੇ ਦਿਨ ਦੀਆਂ ਖੇਡਾਂ ਦੌਰਾਨ ਫੁੱਟਬਾਲ, ਕਬੱਡੀ, ਕ੍ਰਿਕਟ, ਵਾਲੀਵਾਲ, ਟੈਨਿਸ, ਬੈਡਮਿੰਟਨ ਆਦਿ ਦੇ ਮੁਕਾਬਲੇ ਹੋਏ।


ਸ਼ੁੱਕਰਵਾਰ ਨੂੰ ਹੋਏ ਸਿੱਖ ਫੋਰਮ ਦੌਰਾਨ ਪੰਜਾਬੀ ਬੁੱਧੀਜੀਵੀਆਂ, ਲੇਖਕਾਂ ਅਤੇ ਪੱਤਰਕਾਰਾਂ ਵਲੋਂ ਪਰਚੇ ਪੜ੍ਹੇ ਗਏ ਅਤੇ ਪੰਜਾਬੀ ਬੋਲੀ ਦਾ ਆਸਟਰੇਲੀਆਈ ਸਕੂਲਾਂ ਵਿਚ ਮਿਆਰ, ਪੰਜਾਬੀ ਪੱਤਰਕਾਰੀ ਤੇ ਵਧਦਾ ਵਪਾਰਕ ਅਸਰ, ਗੁਰੂਘਰਾਂ ਦੇ ਪ੍ਰਬੰਧਕੀ ਢਾਂਚੇ ਵਿਚ ਸੁਧਾਰ, ਘਰੇਲੂ ਹਿੰਸਾ ਸਮੇਤ ਕਈ ਮੁੱਦਿਆਂ 'ਤੇ ਉਸਾਰੂ ਚਰਚਾ ਕੀਤੀ ਗਈ।   ਸਿੱਖ ਖੇਡਾਂ ਦੀ ਮੈਲਬੋਰਨ ਕਮੇਟੀ ਦੇ ਵਾਈਸ ਪ੍ਰਧਾਨ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਖੇਡਾਂ  'ਤੇ ਤਕਰੀਬਨ 6 ਲੱਖ ਡਾਲਰ ਖਰਚ ਆਵੇਗਾ ਜੋ ਸਥਾਨਕ ਲੋਕਾਂ, ਸਰਕਾਰ, ਧਾਰਮਿਕ ਸੰਸਥਾਵਾਂ ਅਤੇ ਕਲੱਬਾਂ ਵੱਲੋਂ ਦਿੱਤੇ ਗਏ ਹਨ। ਖੇਡਾਂ ਦਾ ਪਲੈਟੀਨਮ ਸਪਾਂਸਰ ਪਨਵਿਕ ਹੈ ਜਿਸ ਵੱਲੋਂ 50,000 ਡਾਲਰ ਦਾ ਯੋਗਦਾਨ ਪਾਇਆ ਗਿਆ ਹੈ। ਬਰਾੜ ਨੇ ਕਿਹਾ ਕਿ ਫੰਡਾਂ 'ਚ ਪਾਰਦਰਸ਼ਤਾ ਦੇ ਲਈ ਬਕਾਇਦਾ ਵੈਬਸਾਈਟ ਬਣਾਈ ਗਈ ਹੈ। ਲੋਕਲ ਕਮੇਟੀ ਦੇ ਪ੍ਰਧਾਨ ਦਵਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਖੇਡਾਂ ਨੂੰ ਨਸ਼ਾ ਮੁਕਤ ਬਣਾਉਣ ਲਈ ਇਸ ਵਾਰ ਬਕਾਇਦਾ ਡੋਪ ਟੈਸਟ ਵੀ ਰੱਖਿਆ ਗਿਆ ਹੈ।
ਪੰਜਾਬੀ ਸੱਭਿਆਚਾਰਕ ਸੱਥ ਤੇ ਪੰਜਾਬੀ 'ਕਲਾਕ੍ਰਿਤੀ' ਨਾਲ


ਪੰਜਾਬੀ ਸੱਭਿਆਚਾਰਕ ਸੱਥ ਵਲੋਂ ਪੁਰਾਤਨ ਪੰਜਾਬ ਦੀਆਂ ਵਸਤਾਂ ਨੂੰ ਰੂਪਮਾਨ ਕਰਦੀ ਪ੍ਰਦਰਸ਼ਨੀ ਦਿਲਖਿੱਚਵੀਂ ਰਹੀ, ਨੂੰ ਖੂਹ, ਮੰਜਿਆਂ, ਰਸੋਈ ਘਰ ਵਿਚ ਵਰਤੇ ਜਾਣ ਵਾਲੇ ਭਾਂਡੇ ਤੇ ਹੋਰ ਸਾਜ਼ੋ-ਸਾਮਾਨ ਬਾਰੇ ਜਾਣਕਾਰੀ ਦਿੱਤੀ। ਪੰਜ ਆਬ ਰੀਡਿੰਗ ਗਰੁੱਪ ਆਸਟਰੇਲੀਆ ਵਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ, ਜਿੱਥੇ ਸਾਹਿਤ ਪ੍ਰੇਮੀਆਂ ਨੇ ਕਿਤਾਬਾਂ ਪ੍ਰਤੀ ਹਾਂ-ਪੱਖੀ ਹੁੰਗਾਰਾ ਦਿੱਤਾ।  ਅਮਰੀਕਾ ਤੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਲਾਕਾਰ ਹਰਮਿੰਦਰ ਬੋਪਾਰਾਏ ਦੀ ਪੰਜਾਬੀ ਸ਼ਬਦਮਾਲਾ ਦੀ ਸੰਪੂਰਨ ਉਦਾਹਰਨ 'ਫੱਟੀ' ਲੋਕਾਂ ਦੀ ਖਿੱਚ ਦਾ ਕੇਂਦਰ ਰਹੀ। ਮੈਲਬੋਰਨ ਦੇ ਵੱਖ-ਵੱਖ ਗੁਰੂਘਰਾਂ ਅਤੇ ਸਿੱਖ ਜਥੇਬੰਦੀਆਂ ਵਲੋਂ ਭਾਂਤ-ਭਾਂਤ ਦੇ ਲੰਗਰ ਲਗਾਏ ਗਏ। ਪੰਜਾਬੀ ਪਹਿਰਾਵਿਆਂ ਅਤੇ ਰੰਗ-ਬਿਰੰਗੀਆਂ ਪੱਗਾਂ ਨਾਲ ਸਜਿਆ ਇਹ ਖੇਡ ਮੇਲਾ ਪੰਜਾਬ ਵਰਗਾ ਮਾਹੌਲ ਸਿਰਜ ਰਿਹਾ ਹੈ।
ਖਿੱਚ ਦਾ ਕੇਂਦਰ ਰਹੀ ਪੰਜਾਬੀ ਵਰਣਮਾਲਾ ਵਾਲੀ ਫੱਟੀ


32ਵੀਆਂ ਆਸਟਰੇਲੀਆਈ ਸਿੱਖ ਖੇਡਾਂ ਵਿਚ ਅਮਰੀਕਾ ਤੋਂ ਆਏ ਨੌਜਵਾਨ ਹਰਮਿੰਦਰ ਸਿੰਘ ਬੋਪਾਰਾਏ ਵਲੋਂ ਲਗਾਈ ਗਈ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ ਰਹੀ। ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਬਣਾਈ ਗਈ ਪੰਜਾਬੀ ਫੱਟੀ ਆਪਣੇ ਅਨੋਖੇ ਰੂਪ ਕਰ ਕੇ ਬੱਚਿਆਂ, ਨੌਜਵਾਨਾਂ ਤੇ ਪਰਿਵਾਰਾਂ ਲਈ ਪ੍ਰੇਰਨਾਸਰੋਤ ਬਣਦੀ ਜਾ ਰਹੀ ਹੈ। ਹਰਮਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਪੰਜਾਬ ਵਿਚ ਲੋਹੇ ਨਾਲ ਸਬੰਧਤ ਕਾਰੋਬਾਰ ਕਰਦਾ ਸੀ। ਸਾਲ 2015 ਵਿਚ ਅਮਰੀਕਾ ਦੇ ਸ਼ਹਿਰ ਵਸਣ ਉਪਰੰਤ ਵੀ ਉਸ ਨੇ ਇਹ ਸ਼ੌਕ ਜਾਰੀ ਰੱਖਿਆ। ਹਰਮਿੰਦਰ ਬਹੁਤ ਸਾਰੇ ਕਲਾਕ੍ਰਿਤੀ ਮੁਕਾਬਲਿਆਂ ਵਿਚ ਹਿੱਸਾ ਲੈ ਚੁੱਕਿਆ ਹੈ। ਉਹ ਦੱਸਦਾ ਹੈ ਕਿ ਬੀਤੇ ਸਮੇਂ ਦੌਰਾਨ ਅਮਰੀਕਾ ਵਿਚ ਇਕ ਮੁਕਾਬਲਾ ਹੋਇਆ ਸੀ ਜਿਸ 'ਚ 100 ਦੇ ਕਰੀਬ ਕਲਾਕਾਰਾਂ ਨੇ ਭਾਗ ਲਿਆ ਸੀ ਅਤੇ ਉਸ ਦਾ ਅਹਿਮ ਸਥਾਨ ਰਿਹਾ ਸੀ।
ਆਸਟਰੇਲੀਆਈ ਸਿੱਖ ਖੇਡ ਕਮੇਟੀ ਵਲੋਂ ਉਸ ਦੀਆਂ ਕਲਾਕ੍ਰਿਤੀਆਂ ਨੂੰ ਦੇਖਦੇ ਸਿੱਖ ਖੇਡਾਂ ਦੌਰਾਨ ਪ੍ਰਦਰਸ਼ਨੀ ਲਾਉਣਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਮੱਦੇਨਜ਼ਰ ਉਸ ਨੇ ਸਟੀਲ ਨਾਲ ਬਣੀ ਹੋਈ ਪੰਜਾਬੀ ਵਰਣਮਾਲਾ ਦੀ ਫੱਟੀ ਬਣਾ ਕੇ ਲੋਕਾਂ ਦਾ ਮਨ ਜਿੱਤ ਲਿਆ। ਹਰਮਿੰਦਰ ਦੱਸਦਾ ਹੈ ਕਿ ਇਸ ਸਟੀਲ ਦੀ ਫੱਟੀ ਉਸ ਨੇ ਅਤੇ ਉਸ ਦੇ ਕਾਰੀਗਰਾਂ ਨੇ ਖੁਦ ਮਿਲ ਕੇ ਤਿਆਰ ਕੀਤੀ ਹੈ ਜਿਸ ਦੇ ਉੱਪਰ ਪੰਜਾਬੀ ਵਰਣਮਾਲਾ ਉਚੇਚੇ ਤੌਰ 'ਤੇ ਲਿਖੀ ਗਈ ਹੈ। 
ਉਸ ਮੁਤਾਬਕ ਪੰਜਾਬੀ ਵਰਣਮਾਲਾ ਦੇ ਅੱਖਰ ਉਸ ਨੇ ਖ਼ੁਦ ਤਿਆਰ ਕੀਤੇ ਹਨ। ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਉਸ ਵੱਲੋਂ ਇਹ ਉਪਰਾਲਾ ਸਾਰਥਿਕ ਸਿੱਧ ਹੋ ਰਿਹਾ ਹੈ। ਸਿੱਖ ਖੇਡਾਂ ਵਿਚ ਹਰਮਿੰਦਰ ਵੱਲੋਂ ਤਿਆਰ ਕੀਤੀ ਗਈ ਇਹ ਫੱਟੀ ਪੰਜਾਬੀ ਭਾਈਚਾਰੇ 'ਚ ਕਾਫੀ ਖਿੱਚ ਦਾ ਕੇਂਦਰ ਬਣੀ ਹੋਈ ਹੈ।


ਸਰਬਜੋਤ ਢਿੱਲੋਂ ਬਣੇ ਆਸਟਰੇਲੀਆਈ ਸਿੱਖ ਖੇਡਾਂ ਦੇ ਕੌਮੀ ਪ੍ਰਧਾਨ
ਅੱਜ ਆਸਟ੍ਰੇਲੀਆਈ ਸਿੱਖ ਖੇਡਾਂ ਦੀ ਹੋਈ ਕੌਮੀ ਕਾਰਜਕਾਰਨੀ ਕਮੇਟੀ ਦੀ ਸਾਲਾਨਾ ਮੀਟਿੰਗ ਦੌਰਾਨ ਸਰਬਜੋਤ ਸਿੰਘ ਢਿੱਲੋਂ ਨੂੰ ਪ੍ਰਧਾਨ ਚੁਣਿਆ ਗਿਆ ਹੈ । ਇਹ ਪਹਿਲਾ ਮੌਕਾ ਹੈ ਜਦੋਂ ਮੈਲਬੋਰਨ ਸ਼ਹਿਰ ਵਿਚੋਂ ਕੋਈ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦ ਹੋਇਆ ਹੋਵੇ । ਸਰਦਾਰ ਢਿੱਲੋਂ ਪੰਜਾਬ ਦੇ ਜ਼ਿਲਾ ਜਲੰਧਰ ਨਾਲ ਸਬੰਧਤ ਹਨ ਤੇ ਉਨ੍ਹਾਂ ਨੇ ਇਸ ਨਵੀਂ ਅਹੁਦੇਦਾਰੀ 'ਤੇ ਧੰਨਵਾਦ ਕਰਦਿਆਂ ਸਿੱਖ ਖੇਡਾਂ ਵਿਚ ਪਾਰਦਰਸ਼ਤਾ ਅਤੇ ਹੋਰ ਵਧੀਆ ਪ੍ਰਬੰਧ ਲਿਆਉਣ ਦੀ ਆਸ ਪ੍ਰਗਟਾਈ ਹੈ।