ਮਾਂ ਨੇ ਨਵਜੰਮੇ ਬੱਚੇ ਨੂੰ ਜ਼ਿੰਦਾ ਦਫਨਾਇਆ, ਕੁੱਤੇ ਨੇ ਬਚਾਈ ਜਾਨ

05/19/2019 9:59:26 AM

ਬੈਂਕਾਕ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜਿਸ ਨੂੰ ਰੱਬ ਰੱਖੇ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ। ਅਜਿਹਾ ਹੀ ਮਾਮਲਾ ਥਾਈਲੈਂਡ ਦਾ ਸਾਹਮਣੇ ਆਇਆ ਹੈ। ਇਹ ਘਟਨਾ 15 ਮਈ ਦੀ ਹੈ। ਥਾਈਲੈਂਡ ਵਿਚ ਇਕ ਕੁੱਤੇ ਨੂੰ 'ਹੀਰੋ' ਕਰਾਰ ਦਿੱਤਾ ਗਿਆ ਹੈ। ਅਸਲ ਵਿਚ ਇਸ ਕੁੱਤੇ ਨੇ ਇਕ ਨਵਜੰਮੇ ਬੱਚੇ ਦੀ ਜਾਨ ਬਚਾਈ। ਬੱਚੇ ਨੂੰ ਉਸ ਦੀ ਮਾਂ ਨੇ ਖੇਤ ਵਿਚ ਦਫਨਾ ਦਿੱਤਾ ਸੀ। ਮਾਮਲੇ ਦੀ ਜਾਣਕਾਰੀ ਹੋਣ 'ਤੇ 15 ਸਾਲ ਦੀ ਕੁੜੀ ਨੂੰ ਆਪਣੇ ਬੱਚੇ ਨੂੰ ਜਿਉਂਦੇ ਦਫਨਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ।

ਜਾਣਕਾਰੀ ਮੁਤਾਬਕ ਬੱਚੇ ਨੂੰ ਨਾਖੋਨ ਹਤਚਸੀਮਾ ਸੂਬੇ ਦੇ ਚੁਮਪੁਆਂਗ ਜ਼ਿਲੇ ਨੇੜੇ ਸਥਿਤ ਇਕ ਖੇਤ ਵਿਚ ਮਿੱਟੀ ਵਿਚ ਦਫਨਾਇਆ ਗਿਆ ਸੀ। ਉੱਤਰ-ਪੂਰਬ ਥਾਈਲੈਂਡ ਦੇ ਕੋਰਾਟ ਵਿਚ ਜਦੋਂ 41 ਸਾਲਾ ਉਸਾ ਨਿਸਿਕਾ ਖੇਤ ਵਿਚ ਪਹੁੰਚੇ ਤਾਂ ਉਨ੍ਹਾਂ ਦਾ ਕੁੱਤਾ ਪਿੰਗਪੋਂਗਨ ਕੁਝ ਦੂਰ ਜਾ ਕੇ ਕਿਨਾਰੇ ਵੱਲ ਮਿੱਟੀ ਪੁੱਟਣ ਲੱਗਾ। ਜਦੋਂ ਉਹ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਬੱਚੇ ਦਾ ਪੈਰ ਦਿਖਾਈ ਦਿੱਤਾ। ਉਸਾ ਨੇ ਬੱਚੇ ਨੂੰ ਮਿੱਟੀ ਵਿਚੋਂ ਬਾਹਰ ਕੱਢਿਆ ਤਾਂ ਬੱਚਾ ਜਿਉਂਦਾ ਸੀ। ਉਹ ਬੱਚੇ ਨੂੰ ਤੁਰੰਤ ਹਸਪਤਾਲ ਲੈ ਗਏ। ਬੱਚੇ ਦੇ ਸਰੀਰ 'ਤੇ ਸੱਟ ਦੇ ਕੋਈ ਨਿਸ਼ਾਨ ਨਹੀਂ ਸਨ। ਜਲਦੀ ਹੀ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ ਗਿਆ।

ਉਸਾ ਨੇ ਦੱਸਿਆ,''ਪਿੰਗ ਆਪਣੇ ਜਨਮ ਸਮੇਂ ਤੋਂ ਹੀ ਮੇਰੇ ਨਾਲ ਹੈ। ਉਹ ਹਮੇਸ਼ਾ ਹੀ ਆਪਣੇ ਕੰਮ ਦੇ ਪ੍ਰਤੀ ਵਫਾਦਾਰ ਰਹਿੰਦਾ ਹੈ। ਉਸ ਦੇ ਤਿੰਨ ਪੈਰ ਹੀ ਕੰਮ ਕਰਦੇ ਹਨ ਕਿਉਂਕਿ ਕਾਰ ਹਾਦਸੇ ਵਿਚ ਉਸ ਦਾ ਪਿਛਲਾ ਪੈਰ ਟੁੱਟ ਗਿਆ ਸੀ। ਇਸ ਦੇ ਬਾਵਜੂਦ ਉਹ ਮੇਰੀ ਪੂਰੀ ਮਦਦ ਕਰਦਾ ਹੈ। ਉਸ ਦੇ ਨਾਲ ਹੋਣ ਨਾਲ ਮੈਂ ਆਪਣੀਆਂ ਗਾਂਵਾਂ ਦੀ ਦੇਖਭਾਲ ਚੰਗੀ ਤਰ੍ਹਾਂ ਕਰ ਪਾ ਰਿਹਾ ਹਾਂ। ਹੁਣ ਬੱਚੇ ਦੀ ਜਾਨ ਬਚਾਉਣ ਦੇ ਬਾਅਦ ਉਹ ਬਾਕੀ ਲੋਕਾਂ ਦੀਆਂ ਨਜ਼ਰਾਂ ਵਿਚ ਹੀਰੋ ਬਣ ਗਿਆ ਹੈ।''

ਸ਼ਿਕਾਇਤ ਮਿਲਣ ਦੇ ਬਾਅਦ ਪੁਲਸ ਨੇ ਪੁੱਛਗਿੱਛ ਦੀ ਸ਼ੁਰੂਆਤ ਸਥਾਨਕ ਲੋਕਾਂ ਤੋਂ ਕੀਤੀ ਪਰ ਕੋਈ ਜਾਣਕਾਰੀ ਨਹੀਂ ਮਿਲੀ। ਇਸ ਦੌਰਾਨ ਇਕ ਦੁਕਾਨਦਾਰ ਨੇ ਦੱਸਿਆ ਕਿ ਉਸ ਕੋਲ ਇਕ ਕੁੜੀ ਆਈ ਸੀ ਜਿਸ ਨੇ ਬਹੁਤ ਸਾਰੇ ਸੈਨਿਟਰੀ ਟਾਵਲ ਖਰੀਦੇ ਸਨ। ਇਸ ਜਾਣਕਾਰੀ ਦੇ ਆਧਾਰ 'ਤੇ ਵੀਰਵਾਰ ਨੂੰ ਪੁਲਸ ਨੇ ਕੁੜੀ ਨੂੰ ਗ੍ਰਿਫਤਾਰ ਕਰ ਲਿਆ। ਕੁੜੀ ਨੇ ਬੱਚੇ ਦੇ ਜਨਮ ਦੇ ਕੁਝ ਦੇਰ ਬਾਅਦ ਹੀ ਉਸ ਨੂੰ ਦਫਨਾ ਦਿੱਤਾ ਸੀ। ਕੁੜੀ ਨੇ ਪੁਲਸ ਨੂੰ ਦੱਸਿਆ ਕਿ ਮਾਤਾ-ਪਿਤਾ ਦੇ ਡਰ ਕਾਰਨ ਉਸ ਨੇ ਬੱਚੇ ਨੂੰ ਦਫਨਾਇਆ ਸੀ।

ਮਾਮਲੇ ਦੇ ਸਾਹਮਣੇ ਆਉਣ ਦੇ ਬਾਅਦ ਕੁੜੀ ਦੇ ਮਾਤਾ-ਪਿਤਾ ਨੇ ਬੱਚੇ ਦੀ ਦੇਖਭਾਲ ਕਰਨ ਦੀ ਪੇਸ਼ਕਸ਼ ਕੀਤੀ। ਭਾਵੇਂਕਿ ਅਧਿਕਾਰੀਆਂ ਅਤੇ ਬੱਚੇ ਦੇ ਪਰਿਵਾਰ ਵਾਲਿਆਂ ਵਿਚਕਾਰ ਸਹਿਮਤੀ ਨਹੀਂ ਬਣ ਪਾਈ। ਅਧਿਕਾਰੀਆਂ ਨੇ ਪੁਲਸ ਅਤੇ ਸਰਕਾਰੀ ਕਲਿਆਣ ਵਿਭਾਗ ਦੇ ਕਰਮਚਾਰੀਆਂ ਨੂੰ ਬੱਚੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਹੈ। 

Vandana

This news is Content Editor Vandana