ਥਾਈਲੈਂਡ ਦੇ ਰਾਜਾ ਨੇ ਸ਼ਾਹੀ ਸਹਿਯੋਗੀ ਦੇ ਖੋਹੇ ਸਾਰੇ ਅਧਿਕਾਰ ਅਤੇ ਅਹੁਦੇ

10/22/2019 4:34:42 PM

ਬੈਂਕਾਕ (ਬਿਊਰੋ)— ਥਾਈਲੈਂਡ ਦੇ ਰਾਜਾ ਮਹਾ ਵਜ਼ੀਰਾਲੋਂਗਕੋਰਨ ਨੇ ਆਪਣੀ 34 ਸਾਲਾ ਸ਼ਾਹੀ ਸਹਿਯੋਗੀ ਦੀ 'ਬੇਵਫਾਈ' ਅਤੇ ਰਾਣੀ ਦੇ ਬਰਾਬਰ ਪਹੁੰਚਣ ਦੀ ਇੱਛਾ ਕਾਰਨ ਉਸ ਦੀ ਸ਼ਾਹੀ ਉਪਾਧੀ ਖੋਹ ਲਈ ਹੈ। ਤਿੰਨ ਮਹੀਨੇ ਪਹਿਲਾਂ ਹੀ ਉਸ ਨੂੰ ਇਸ ਸ਼ਾਹੀ ਉਪਾਧੀ ਨਾਲ ਨਿਵਾਜਿਆ ਗਿਆ ਸੀ। ਥਾਈਲੈਂਡ ਦੀ ਰੋਇਲ ਕੌਨਸਰਟ ਸਿਨੀਨਾਤ ਵੋਂਗਵਜੀਰਾਪਕਡੀ 'ਕੋਈ' ਉਪਨਾਮ ਨਾਲ ਵੀ ਮਸ਼ਹੂਰ ਹੈ। ਉਸ ਨੂੰ ਰਾਜਾ ਨੇ ਆਪਣੇ  67ਵੇਂ ਜਨਮਦਿਨ ਮੌਕੇ ਸ਼ਾਹੀ ਉਪਾਧੀ ਦਿੱਤੀ ਸੀ। ਥਾਈ ਰਾਜ ਪਰਿਵਾਰ ਵਿਚ ਕਰੀਬ ਇਕ ਸਦੀ ਤੋਂ ਕਿਸੇ ਨੂੰ ਇਹ ਉਪਾਧੀ ਨਹੀਂ ਦਿੱਤੀ ਗਈ ਸੀ।

ਸ਼ਾਹੀ ਉਪਾਧੀ ਦੇਣ ਦੇ ਕੁਝ ਦਿਨਾਂ ਬਾਅਦ ਹੀ ਰਾਜ ਮਹਿਲ ਵੱਲੋਂ ਸਿਨੀਨਾਤ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਸਨ, ਜਿਸ ਮਗਰੋਂ ਸ਼ਾਹੀ ਮਹਿਲ ਦੀ ਵੈਬਸਾਈਟ ਹੀ ਕ੍ਰੈਸ਼ ਹੋ ਗਈ ਸੀ। ਸਿਨੀਨਾਤ ਕੁਝ ਤਸਵੀਰਾਂ ਵਿਚ ਖਤਰਨਾਕ ਹਥਿਆਰਾਂ ਦੇ ਨਾਲ ਦਿਸੀ ਜਦਕਿ ਕੁਝ ਵਿਚ ਜੈੱਟ ਉਡਾਉਂਦੇ ਹੋਏ ਨਜ਼ਰ ਆਈ। ਕਈ ਤਸਵੀਰਾਂ ਵਿਚ ਉਹ ਰਾਜਾ ਦਾ ਹੱਥ ਫੜੇ ਹੋਏ ਸੀ। ਰਾਜਾ ਨੇ ਆਰਮੀ ਨਰਸ ਰਹੀ ਸਿਨੀਨਾਤ ਨੂੰ 'Chao Khun Phra' ਦਾ ਸ਼ਾਹੀ ਦਰਜਾ ਦਿੱਤਾ ਸੀ। ਰਾਜ ਮਹਿਲ ਦੇ ਆਦੇਸ਼ ਮੁਤਾਬਕ ਸਿਨੀਨਾਤ ਤੋਂ 'ਚਾਓ ਖੁਨ ਫ੍ਰਾ' ਦੀ ਉਪਾਧੀ ਖੋਹ ਲਈ ਗਈ ਹੈ। 

ਥਾਈਲੈਂਡ ਦੇ ਰਾਜਾ ਮਹਾ ਵਜ਼ੀਰਾਲੋਂਗਕੋਰਨ (66) ਨੂੰ ਰਾਜਾ ਰਾਮ ਐਕਸ ਦੇ ਉਪਨਾਮ ਨਾਲ ਵੀ ਜਾਣਿਆ ਜਾਂਦਾ ਹੈ। ਰਾਜ ਮਹਿਲ ਵੱਲੋਂ ਜਾਰੀ ਬਿਆਨ ਮੁਤਾਬਕ,''ਉਸ ਦੀਆਂ ਹਰਕਤਾਂ ਦੱਸਦੀਆਂ ਹਨ ਕਿ ਉਹ ਰਾਜਾ ਨੂੰ ਸਨਮਾਨ ਨਹੀਂ ਦਿੰਦੀ ਅਤੇ ਸ਼ਾਹੀ ਪਰੰਪਰਾ ਨੂੰ ਨਹੀਂ ਸਮਝਦੀ ਹੈ। ਉਸ ਦੇ ਬਹੁਤ ਸਾਰੇ ਕੰਮ ਖੁਦ ਦੇ ਫਾਇਦੇ ਲਈ ਹੁੰਦੇ ਹਨ। ਉਹ ਰਾਣੀ ਸੁਥਿਦਾ ਦੀ ਬਰਾਬਰੀ 'ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਸੀ।''

Vandana

This news is Content Editor Vandana