ਡਾਇਬੀਟੀਜ਼ ਦੇ ਇਲਾਜ ''ਚ ਮਦਦਗਾਰ ਹੋ ਸਕਦੈ ਤਪੇਦਿਕ ਵਿਰੋਧੀ ਟੀਕਾ

06/24/2018 4:02:54 PM

ਬੋਸਟਨ (ਭਾਸ਼ਾ)— ਡਾਇਬੀਟੀਜ਼ ਦੇ ਇਲਾਜ ਲਈ ਵਿਗਿਆਨੀ ਹੁਣ ਇਕ ਨਵਾਂ ਪਰੀਖਣ ਕਰਨ ਜਾ ਰਹੇ ਹਨ। ਤਪੇਦਿਕ ਅਤੇ ਬਲੈਡਰ ਕੈਂਸਰ ਦੇ ਇਲਾਜ ਲਈ ਵਰਤੇ ਜਾਣ ਵਾਲੇ ਟੀਕੇ ਦੇ ਬਾਰੇ ਵਿਚ ਇਹ ਜਾਨਣ ਲਈ ਅਮਰੀਕਾ ਵਿਚ ਮੈਡੀਕਲ ਪਰੀਖਣਾਂ ਦੀ ਮਨਜ਼ੂਰੀ ਮਿਲ ਗਈ ਹੈ ਕੀ ਉਹ ਟੀਕਾ ਟਾਈਪ-1 ਡਾਇਬੀਟੀਜ਼ ਰੋਗ ਦੇ ਇਲਾਜ ਵਿਚ ਵੀ ਮਦਦ ਕਰ ਸਕਦਾ ਹੈ। ਅਮਰੀਕਾ ਦੇ ਫੂਡ ਡਰੱਗ ਪ੍ਰਸ਼ਾਸਨ (ਐੱਫ.ਡੀ.ਏ.) ਨੇ ਇਹ ਪਤਾ ਕਰਨ ਲਈ ਦੂਜੇ ਪੜਾਅ ਦੇ ਮੈਡੀਕਲ ਪਰੀਖਣ ਦੀ ਮਨਜ਼ੂਰੀ ਦੇ ਦਿੱਤੀ ਹੈ ਕੀ ਬੈਸਿਲਸ ਕਲਮੇਟੇ-ਗੁਏਰਿਨ (ਬੀ.ਸੀ.ਜੀ.) ਨਾਮ ਦੇ ਜੈਨੇਰਿਕ ਟੀਕੇ ਵਿਚ ਟਾਈਪ-1 ਡਾਇਬੀਟੀਜ਼ ਨੂੰ ਠੀਕ ਕਰਨ ਦੀ ਸਮਰੱਥਾ ਹੈ। ਮੈਸਾਚੁਸੇਟਸ ਜਨਰਲ ਹਸਪਤਾਲ ਦੀ ਨਿਦੇਸ਼ਕ ਡੇਨਿਸੇ ਫੌਸਟਮਨ ਅਤੇ ਉਨ੍ਹਾਂ ਦੀ ਟੀਮ ਨੇ ਚੂਹਿਆਂ ਵਿਚ ਟਾਈਪ-1 ਡਾਇਬੀਟੀਜ਼ ਰੋਗ ਵਿਚ ਸੁਧਾਰ ਦਾ ਪਹਿਲੀ ਵਾਰੀ ਸਬੂਤ ਦਿੱਤਾ ਅਤੇ ਬਾਅਦ ਵਿਚ ਬੀ.ਸੀ.ਜੀ. ਟੀਕੇ ਦਾ ਮਨੁੱਖਾਂ ਵਿਚ ਪਹਿਲੇ ਪੜਾਅ ਦਾ ਮੈਡੀਕਲ ਪਰੀਖਣ ਸਫਲਤਾਪੂਰਵਕ ਪੂਰਾ ਕੀਤਾ। ਪਹਿਲੇ ਪੜਾਅ ਦੇ ਮੈਡੀਕਲ ਪਰੀਖਣ ਵਿਚ 4 ਹਫਤੇ ਦੇ ਅੰਤਰਾਲ 'ਤੇ ਬੀ.ਸੀ.ਜੀ. ਦੇ ਦੋ ਟੀਕਿਆਂ ਨਾਲ ਡਾਇਬੀਟੀਜ਼ ਪੈਦਾ ਕਰਨ ਵਾਲੇ ਟੀ-ਸੈੱਲ ਖਤਮ ਹੋ ਗਏ ਅਤੇ ਇਨਸੁਲਿਨ ਵਹਾਅ ਦੀ ਅਸਥਾਈ ਵਾਪਸੀ ਦਾ ਸਬੂਤ ਮਿਲਿਆ। ਦੂਜੇ ਪੜਾਅ ਦੇ ਪਰੀਖਣ ਵਿਚ ਬੀ.ਸੀ.ਜੀ. ਦੇ ਟੀਕੇ ਦੀ ਸੰਭਾਵਨਾ ਦੇਖਣ ਲਈ ਲੰਬੇ ਸਮੇਂ ਦੀ ਮਿਆਦ ਵਿਚ ਟੀਕੇ ਦੀ ਜ਼ਿਆਦਾ ਖੁਰਾਕ ਦਿੱਤੀ ਜਾਵੇਗੀ।